ਅਪ੍ਰੈਲ ਤੋਂ UPI ਰਾਹੀਂ EPF ਤੋਂ ਸਿੱਧੇ ਪੈਸੇ ਕੱਢ ਸਕਣਗੇ ਮੁਲਾਜ਼ਮ
Saturday, Jan 17, 2026 - 05:34 AM (IST)
ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਦੇ ਲੱਗਭਗ 8 ਕਰੋੜ ਅੰਸ਼ਧਾਰਕ ਇਸ ਸਾਲ ਅਪ੍ਰੈਲ ਤੋਂ ਯੂ. ਪੀ. ਆਈ. ਰਾਹੀਂ ਆਪਣੀ ਭਵਿੱਖ ਨਿਧੀ (ਈ. ਪੀ. ਐੱਫ.) ’ਚੋਂ ਰਾਸ਼ੀ ਕੱਢ ਸਕਣਗੇ। ਅਧਿਕਾਰਕ ਸੂਤਰਾਂ ਅਨੁਸਾਰ ਇਸ ਨਵੀਂ ਵਿਵਸਥਾ ਤਹਿਤ ਮੈਂਬਰ ਆਪਣੇ ਯੂ. ਪੀ. ਆਈ. ਪਿਨ ਦੀ ਵਰਤੋਂ ਕਰ ਕੇ ਸੁਰੱਖਿਅਤ ਲੈਣ-ਦੇਣ ਕਰ ਸਕਣਗੇ ਅਤੇ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪਹੁੰਚ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਯੋਜਨਾ ਤਹਿਤ ਈ. ਪੀ. ਐੱਫ. ਖਾਤੇ ਦੀ ਇਕ ਘੱਟੋ-ਘੱਟ ਰਾਸ਼ੀ ਸੁਰੱਖਿਅਤ ਰੱਖੀ ਜਾਵੇਗੀ, ਜਦੋਂਕਿ ਬਾਕੀ ਯੋਗ ਰਕਮ ਕੱਢੀ ਜਾ ਸਕੇਗੀ।
ਬੈਂਕ ਖਾਤੇ ’ਚ ਆਉਣ ਤੋਂ ਬਾਅਦ ਇਸ ਰਾਸ਼ੀ ਦੀ ਵਰਤੋਂ ਇਲੈਕਟ੍ਰਾਨਿਕ ਭੁਗਤਾਨ, ਏ. ਟੀ. ਐੱਮ. ਜਾਂ ਡੈਬਿਟ ਕਾਰਡ ਰਾਹੀਂ ਕੀਤੀ ਜਾ ਸਕੇਗੀ।ਈ. ਪੀ. ਐੱਫ. ਓ. ਫਿਲਹਾਲ ਸਾਫਟਵੇਅਰ ਨਾਲ ਜੁੜੀਆਂ ਤਕਨੀਕੀ ਖਾਮੀਆਂ ਨੂੰ ਦੂਰ ਕਰ ਕੇ ਇਸ ਪ੍ਰਣਾਲੀ ਨੂੰ ਸੁਚਾਰੂ ਬਣਾਉਣ ’ਚ ਜੁਟਿਆ ਹੋਇਆ ਹੈ।
ਮੌਜੂਦਾ ਸਮੇਂ ’ਚ ਈ. ਪੀ. ਐੱਫ. ਤੋਂ ਨਿਕਾਸੀ ਲਈ ਦਾਅਵਾ ਦਾਇਰ ਕਰਨਾ ਪੈਂਦਾ ਹੈ, ਜੋ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ। ਹਾਲਾਂਕਿ ਆਟੋਮੇਟਿਡ ਸੈਟਲਮੈਂਟ ਸਿਸਟਮ ਤਹਿਤ 3 ਦਿਨਾਂ ’ਚ ਭੁਗਤਾਨ ਹੋ ਜਾਂਦਾ ਹੈ ਅਤੇ ਇਸ ਦੀ ਹੱਦ ਇਕ ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਬੀਮਾਰੀ, ਸਿੱਖਿਆ, ਵਿਆਹ ਅਤੇ ਰਿਹਾਇਸ਼ ਵਰਗੀਆਂ ਲੋੜਾਂ ਲਈ ਤੁਰੰਤ ਵਿੱਤੀ ਸਹਾਇਤਾ ਮਿਲਦੀ ਹੈ। ਸਰਕਾਰ ਦਾ ਉਦੇਸ਼ ਇਸ ਪਹਿਲ ਜ਼ਰੀਏ ਈ. ਪੀ. ਐੱਫ. ਨਿਕਾਸੀ ਪ੍ਰਕਿਰਿਆ ਨੂੰ ਸਰਲ, ਤੇਜ਼ ਅਤੇ ਸੁਰੱਖਿਅਤ ਬਣਾਉਣਾ ਹੈ। ਇਸ ਨਾਲ ਈ. ਪੀ. ਐੱਫ. ਓ. ਦਾ ਪ੍ਰਬੰਧਕੀ ਬੋਝ ਘਟੇਗਾ ਅਤੇ ਮੁਲਾਜ਼ਮਾਂ ਦੀ ਵਿੱਤੀ ਸੁਤੰਤਰਤਾ ਨੂੰ ਉਤਸ਼ਾਹ ਮਿਲੇਗਾ।
