ਟੈਸਲਾ ਦੀ ਵਿਕਰੀ ’ਚ 13 ਫੀਸਦੀ ਦੀ ਗਿਰਾਵਟ
Friday, Apr 04, 2025 - 12:57 AM (IST)

ਜਲੰਧਰ- ਐਲਨ ਮਸਕ ਨੂੰ ਅਮਰੀਕੀ ਸਰਕਾਰ ਦੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (ਡੀ. ਓ. ਜੀ.) ਦੀ ਅਗਵਾਈ ਕਰਨ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਦਾ ਕਰਜ਼ਾ ਅਤੇ ਖਰਚ ਘਟਾਉਣ ਲਈ ਕਈ ਤਰ੍ਹਾਂ ਦੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਮਸਕ ਅਤੇ ਉਨ੍ਹਾਂ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਸਕ ਇਸ ਕਾਰ ਕੰਪਨੀ ਦੇ ਸ਼ੇਅਰਾਂ ਦੀ ਬਦੌਲਤ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ ਪਰ ਇਸਦੀ ਵਿਕਰੀ ’ਚ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ 13 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂਕਿ ਇਸ ਸਾਲ ਹੁਣ ਤੱਕ ਟੈਸਲਾ ਦੇ ਸ਼ੇਅਰਾਂ ’ਚ 26 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।
ਬ੍ਰਾਂਡ ਦੇ ਅਕਸ ਨੂੰ ਪਹੁੰਚਿਆ ਨੁਕਸਾਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਐਲਨ ਮਸਕ ’ਤੇ ਟੇਸਲਾ ਦੀ ਗ੍ਰੋਥ ਨੂੰ ਲੈ ਕੇ ਭਾਰੀ ਦਬਾਅ ਹੈ। 2025 ਦੀ ਪਹਿਲੀ ਤਿਮਾਹੀ ’ਚ ਟੈਸਲਾ ਦੀ ਵਿਕਰੀ ’ਚ 13 ਫੀਸਦੀ ਦੀ ਭਾਰੀ ਗਿਰਾਵਟ ਨੇ ਮਸਕ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਟੈਸਲਾ ਦੀ ਸੇਲ 2022 ਦੀ ਦੂਜੀ ਤਿਮਾਹੀ ਤੋਂ ਬਾਅਦ ਸਭ ਤੋਂ ਘੱਟ ਹੈ।
ਟੈਸਲਾ ਨੇ ਹਾਲ ਹੀ ’ਚ ਵਿਕਰੀ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਉਸਨੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ 3,36,681 ਵਾਹਨ ਦੀ ਡਲਿਵਰੀ ਕੀਤੀ, ਜੋ ਕਿ 2022 ਦੀ ਦੂਜੀ ਤਿਮਾਹੀ ਤੋਂ ਬਾਅਦ ਸਭ ਤੋਂ ਘੱਟ ਹੈ।