ਖਾਣ ਵਾਲਾ ਤੇਲ ਹੀ ਨਹੀਂ, ਪਾਮ ਆਇਲ ਕਾਰਨ ਸ਼ੈਪੂ ਤੋਂ ਲੈ ਕੇ ਚਾਕਲੇਟ ਤੱਕ ਸਭ ਹੋ ਜਾਣਗੇ ਮਹਿੰਗੇ
Tuesday, Apr 26, 2022 - 10:33 AM (IST)
ਨਵੀਂ ਦਿੱਲੀ (ਇੰਟ.) – ਦੇਸ਼ ’ਚ ਖਾਣ ਵਾਲੇ ਤੇਲਾਂ ਦੇ ਰੇਟ ਪਹਿਲਾਂ ਤੋਂ ਹੀ ਅਸਮਾਨ ’ਤੇ ਹਨ ਅਤੇ ਹੁਣ 29 ਅਪ੍ਰੈਲ ਤੋਂ ਇੰਡੋਨੇਸ਼ੀਆ ਪਾਮ ਆਇਲ ਦੀ ਬਰਾਮਦ ਬੰਦ ਕਰ ਰਿਹਾ ਹੈ। ਇਸ ਫੈਸਲੇ ਨਾਲ ਭਾਰਤ ’ਚ ਖਾਣ ਵਾਲੇ ਤੇਲ ਹੋਰ ਮਹਿੰਗੇ ਹੋਣਗੇ। ਅਜਿਹਾ ਇਸ ਲਈ ਕਿਉਂਕਿ ਕਈ ਤੇਲਾਂ ’ਚ ਤਾਂ ਪਾਮ ਆਇਲ ਮਿਲਾਇਆ ਵੀ ਜਾਂਦਾ ਹੈ, ਕਿਉਂਕਿ ਇਸ ’ਚ ਕੋਈ ਮਹਿਕ ਨਹੀਂ ਹੁੰਦੀ ਹੈ। ਇਸ ਦਾ ਇਸਤੇਮਾਲ ਸਿੱਧੇ ਖਾਣਾ ਪਕਾਉਣ ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ’ਚ ਵੀ ਹੁੰਦਾ ਹੈ। ਇਹ ਬੇਹੱਦ ਸਸਤਾ ਤੇਲ ਹੈ। ਅਜਿਹੇ ’ਚ ਇਸ ਦੀ ਮੰਗ ਦੁਨੀਆ ਭਰ ’ਚ ਰਹਿੰਦੀ ਹੈ। ਇੰਡੋਨੇਸ਼ੀਆ ਹਾਲੇ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਉੱਥੇ ਲੋਕ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕਰ ਰਹੇ ਹਨ। ਅਜਿਹੇ ’ਚ ਘਰੇਲੂ ਕਮੀ ਨੂੰ ਘੱਟ ਕਰਨ ਅਤੇ ਅਸਮਾਨ ਛੂੰਹਦੀਆਂ ਕੀਮਤਾਂ ’ਤੇ ਲਗਾਮ ਲਗਾਉਣ ਲਈ ਖਾਣ ਵਾਲੇ ਤੇਲ ਅਤੇ ਉਸ ਦੇ ਕੱਚੇ ਮਾਲ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : SBI ਦੀ ਖ਼ਾਤਾਧਾਰਕਾਂ ਨੂੰ ਐਡਵਾਈਜ਼ਰੀ ਜਾਰੀ, ਕਿਹਾ- ਡਿਜੀਟਲ ਫਰਾਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਾ ਕਰੋ ਇਹ ਕੰਮ
ਕਿੱਥੇ-ਕਿੱਥੇ ਹੁੰਦਾ ਹੈ ਪਾਮ ਆਇਲ?
ਮਲੇਸ਼ੀਆ ਦੀ ਕੁੱਲ ਬਰਾਮਦ ਦਾ 4.5 ਫੀਸਦੀ ਹਿੱਸਾ ਸਿਰਫ ਪਾਮ ਆਇਲ ਹੈ, ਜਿਸ ਨਾਲ ਹੋਣ ਵਾਲੀ ਆਮਦਨ ਦਾ ਉਸ ਦੀ ਅਰਥਵਿਵਸਥਾ ’ਚ ਵੱਡਾ ਯੋਗਦਾਨ ਹੈ। ਪਾਮ ਆਇਲ ਦੇ ਮਾਮਲੇ ’ਚ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਹੈ, ਜਦ ਕਿ ਉਸ ਤੋਂ ਬਾਅਦ ਮਲੇਸ਼ੀਆ ਦਾ ਨੰਬਰ ਆਉਂਦਾ ਹੈ। ਇਸ ਤੋਂ ਇਲਾਵਾ ਕੁੱਝ ਅਫਰੀਕੀ ਦੇਸ਼ ਪਾਮ ਆਇਲ ਦੀ ਬਰਾਮਦ ਕਰਦੇ ਹਨ। ਲੈਟਿਨ ਅਮਰੀਕਾ ਅਤੇ ਏਸ਼ੀਆ ਤੋਂ ਵੀ ਕੁੱਝ ਹੱਦ ਤੱਕ ਪਾਮ ਆਇਲ ਬਰਾਮਦ ਕੀਤਾ ਜਾਂਦਾ ਹੈ।
ਕਿਸ-ਕਿਸ ਕੰਮ ਆਉਂਦਾ ਹੈ ਪਾਮ ਆਇਲ?
ਪਾਮ ਆਇਲ ਦਾ ਸਭ ਤੋਂ ਵੱਧ ਇਸਤੇਮਾਲ ਖਾਣ ਵਾਲੇ ਤੇਲ ਵਾਂਗ ਹੀ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਖਾਣ ਵਾਲੇ ਕਈ ਤੇਲਾਂ ’ਚ ਮਿਲਾਇਆ ਵੀ ਜਾਂਦਾ ਹੈ, ਜਿਵੇਂ ਸਰ੍ਹੋਂ ਦੇ ਤੇਲ ’ਚ ਕੁੱਝ ਕੰਪਨੀਆਂ ਇਸ ਨੂੰ ਮਿਲਾਉਂਦੀਆਂ ਹਨ। ਪਾਮ ਆਇਲ ਦਾ ਇਸਤੇਮਾਲ ਸ਼ੈਪੂ, ਨਹਾਉਣ ਵਾਲੇ ਸਾਬਣ, ਟੁਥਪੇਸਟ, ਵਿਟਾਮਿਨ ਦੀਆਂ ਗੋਲੀਆਂ, ਮੇਕ-ਅਪ ਆਈਟਮ, ਚਾਕਲੇਟ ਆਦਿ ’ਚ ਵੀ ਹੁੰਦਾ ਹੈ। ਯਾਨੀ ਐੱਫ. ਐੱਮ. ਸੀ. ਜੀ. ਪ੍ਰੋਡਕਟਸ ਬਣਾਉਣ ਵਾਲੀਆਂ ਕੰਪਨੀਆਂ ਪਾਮ ਆਇਲ ਦੀਆਂ ਵੱਡੀਆਂ ਗਾਹਕ ਹਨ। ਇੰਨਾ ਹੀ ਨਹੀਂ ਪੈਟਰੋਲ-ਡੀਜ਼ਲ ’ਚ ਜਿੱਥੇ ਕਿਤੇ ਜੈਵਿਕ ਈਂਧਨ ਜਾਂ ਬਾਇਓ ਫਿਊਲ ਮਿਲਾਇਆ ਜਾਂਦਾ ਹੈ, ਉਹ ਦਰਅਸਲ ਪਾਮ ਆਇਲ ਹੀ ਹੁੰਦਾ ਹੈ। ਯਾਨੀ ਗੱਡੀਆਂ ਦੇ ਚੱਲਣ ’ਚ ਵੀ ਪਾਮ ਆਇਲ ਦਾ ਅਹਿਮ ਰੋਲ ਹੈ। ਪਾਮ ਆਇਲ ਪੂਰੀ ਦੁਨੀਆ ’ਚ ਸਭ ਤੋਂ ਲੋਕਪ੍ਰਿਯ ਵਨਸਪਤੀ ਤੇਲ ਹੈ। ਦੁਨੀਆ ਭਰ ਦੇ ਕਰੀਬ 50 ਫੀਸਦੀ ਘਰੇਲੂ ਉਤਪਾਦਾਂ ’ਚ ਪਾਮ ਆਇਲ ਦਾ ਇਸਤੇਮਾਲ ਹੁੰਦਾ ਹੈ।
ਇਹ ਵੀ ਪੜ੍ਹੋ : ਵਾਰੇਨ ਬਫੇਟ ਨੂੰ ਪਛਾੜਦੇ ਹੋਏ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਗੌਤਮ ਅਡਾਨੀ
ਇਨ੍ਹਾਂ ਕੰਪਨੀਆਂ ’ਤੇ ਪਵੇਗਾ ਪਾਮ ਆਇਲ ਦੀ ਬਰਾਮਦ ’ਤੇ ਪਾਬੰਦੀ ਦਾ ਅਸਰ
ਯੂਨੀਲਿਵਰ ਨੇ 2016 ’ਚ ਦੱਸਿਆ ਸੀ ਕਿ ਉਹ 10 ਲੱਖ ਟਨ ਪਾਮ ਆਇਲ ਦਰਾਮਦ ਕਰਦਾ ਹੈ, ਉਸ ਨੇ ਕਿਹਾ ਕਿ ਉਹ ਕੰਜਿਊਮਰ ਗੁਡਸ ਇੰਡਸਟਰੀ ਦਾ ਸਭ ਤੋਂ ਵੱਡਾ ਯੂਜ਼ਰ ਹੈ। ਯਾਨੀ ਉਸ ਦੇ ਪ੍ਰੋਡਕਟਸ ’ਚ ਪਾਮ ਆਇਲ ਦਾ ਖੂਬ ਇਸਤੇਮਾਲ ਹੁੰਦਾ ਹੈ। ਮਤਲਬ ਪਾਮ ਆਇਲ ਦੀ ਬਰਾਮਦ ਬੰਦ ਹੋਣ ਕਾਰਨ ਯੂਨੀਲਿਵਰ ’ਤੇ ਵੱਡਾ ਅਸਰ ਹੋਵੇਗਾ ਅਤੇ ਕੰਪਨੀ ਦੇ ਪ੍ਰੋਡਕਟਸ ਮਹਿੰਗੇ ਹੋ ਸਕਦੇ ਹਨ।
ਕਿੱਟਕੈਟ ਚਾਕਲੇਟ ਬਣਾਉਣ ਵਾਲੀ ਕੰਪਨੀ ਨੈਸਲੇ ਨੇ 2020 ’ਚ ਕਰੀਬ 4.53 ਲੱਖ ਟਨ ਪਾਮ ਆਇਲ ਖਰੀਦਿਆ ਸੀ। ਇਸ ’ਚੋਂ ਜ਼ਿਆਦਾਤਰ ਪਾਮ ਆਇਲ ਇੰਡੋਨੇਸ਼ੀਆ ਤੋਂ ਆਇਆ, ਜਦ ਕਿ ਕੁੱਝ ਮਲੇਸ਼ੀਆ ਤੋਂ ਖਰੀਦਿਆ ਗਿਆ। ਕੰਪਨੀ ਲੈਟਿਨ ਅਮਰੀਕਾ, ਅਫਰੀਕਾ ਅਤੇ ਏਸ਼ੀਆ ਦੇ ਕੁੱਝ ਹਿੱਸਿਆਂ ਤੋਂ ਵੀ ਪਾਮ ਆਇਲ ਖਰੀਦਦੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡਾ ਝਟਕਾ! ਕੇਂਦਰ ਸਰਕਾਰ ਨੇ ਚੁੱਪਚਾਪ DAP ਖਾਦ ਦੀਆਂ ਕੀਮਤਾਂ 'ਚ ਕੀਤਾ ਵਾਧਾ
ਪ੍ਰਾਕਟਰ ਐਂਡ ਗੈਂਬਲ ਨੇ 2020-21 ’ਚ ਕਰੀਬ 6.05 ਲੱਖ ਟਨ ਪਾਮ ਆਇਲ ਖਰੀਦਿਆ। ਇਸ ਦਾ ਇਸਤੇਮਾਲ ਕੰਪਨੀ ਦੇ ਫੈਬ੍ਰਿਕ, ਹੋਮ ਕੇਅਰ ਕੈਟਾਗਰੀ ਅਤੇ ਕਈ ਬਿਊਟੀ ਪ੍ਰੋਡਕਟਸ ’ਚ ਹੁੰਦਾ ਹੈ।
ਓਰੀਓ ਬਿਸਕੁਟ ਬਣਾਉਣ ਵਾਲੀ ਕੰਪਨੀ ਮਾਂਡਲੇਜ ਇੰਟਰਨੈਸ਼ਨਲ ਵੀ ਭਾਰੀ ਮਾਤਰਾ ’ਚ ਪਾਮ ਆਇਲ ਖਰੀਦਦੀ ਹੈ।
ਲਾਰੀਅਲ ਕੰਪਨੀ ਨੇ 2021 ’ਚ 310 ਟਨ ਪਾਮ ਆਇਲ ਖਰੀਦਿਆ, ਜਿਸ ਦਾ ਇਸਤੇਮਾਲ ਬਿਊਟੀ ਪ੍ਰੋਡਕਟਸ ’ਚ ਹੁੰਦਾ ਹੈ।
ਅਸੀਂ ਕਿੰਨਾ ਪਾਮ ਆਇਲ ਖਰੀਦਦੇ ਹਾਂ ਇੰਡੋਨੇਸ਼ੀਆ ਤੋਂ?
ਖਾਣ ਵਾਲੇ ਤੇਲਾਂ ਦੇ ਮਾਮਲੇ ’ਚ ਭਾਰਤ ਦੀ ਦਰਾਮਦ ਦਾ ਦੋ ਤਿਹਾਈ ਹਿੱਸਾ ਸਿਰਫ ਪਾਮ ਆਇਲ ਹੈ। ਹਾਲੇ ਭਾਰਤ ਕਰੀਬ 90 ਲੱਖ ਟਨ ਪਾਮ ਆਇਲ ਦਰਾਮਦ ਕਰਦਾ ਹੈ। ਇਸ ’ਚੋਂ 70 ਫੀਸਦੀ ਪਾਮ ਆਇਲ ਦੀ ਦਰਾਮਦ ਤਾਂ ਇੰਡੋਨੇਸ਼ੀਆ ਤੋਂ ਵੀ ਹੁੰਦੀ ਹੈ ਜਦ ਕਿ ਬਾਕੀ ਦਾ 30 ਫੀਸਦੀ ਪਾਮ ਆਇਲ ਮਲੇਸ਼ੀਆ ਤੋਂ ਆਉਂਦਾ ਹੈ। ਇੰਡੋਨੇਸ਼ੀਆ ਤੋਂ ਪਾਮ ਆਇਲ ਦੀ ਬਰਾਮਦ ਬੰਦ ਹੋਣ ਤੋਂ ਬਾਅਦ ਪਾਮ ਆਇਲ ਲਈ ਭਾਰਤ ਦੀ ਮਲੇਸ਼ੀਆ ’ਤੇ ਨਿਰਭਰਤਾ ਵਧ ਜਾਏਗੀ।
ਇਹ ਵੀ ਪੜ੍ਹੋ : ਦੇਸ਼ ’ਚ ਰਾਤੋ-ਰਾਤ ਵੱਧ ਗਏ ਖਾਣ ਵਾਲੇ ਤੇਲ ਦੇ ਮੁੱਲ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।