ਅਰਥਵਿਵਸਥਾ ''ਚ ਅਨੁਮਾਨ ਤੋਂ ਘੱਟ ਆਵੇਗੀ ਗਿਰਾਵਟ : ਰਾਜੀਵ ਕੁਮਾਰ
Saturday, Oct 24, 2020 - 06:49 PM (IST)
ਨਵੀਂ ਦਿੱਲੀ– ਨੀਤੀ ਆਯੋਗ ਦੇ ਉਪ ਮੁਖੀ ਰਾਜੀਵ ਕੁਮਾਰ ਨੇ ਕਿਹਾ ਕਿ ਵੱਖ-ਵੱਖ ਸੰਗਠਨਾਂ ਦੇ ਅਨੁਮਾਨ ਦੇ ਉਲਟ ਦੇਸ਼ ਦੀ ਅਰਥਵਿਵਸਥਾ 'ਚ ਚਾਲੂ ਵਿੱਤੀ ਸਾਲ 'ਚ ਗਿਰਾਵਟ ਘੱਟ ਰਹਿਣ ਦਾ ਅੰਦਾਜ਼ਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਉਤਸ਼ਾਹੀ ਪੈਕੇਜ 'ਚ ਘੱਟ ਮਿਆਦ 'ਚ ਤਿਆਰ ਹੋਣ ਵਾਲੀਆਂ ਬੁਨਿਆਦੀ ਯੋਜਨਾਵਾਂ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਪਬਲਿਕ ਅਫੇਅਰਸ ਫੋਰਮ ਦੇ ਆਨਲਾਈਨ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋਏ ਕੁਮਾਰ ਨੇ ਕਿਹਾ ਕਿ ਸਰਕਾਰ ਹੈਲੀਕਾਪਟਰ ਮਨੀ ’ਤੇ ਗੌਰ ਨਹੀਂ ਕਰ ਰਹੀ ਹੈ।
ਹੈਲੀਕਾਪਟਰ ਮਨੀ ਦਾ ਮਤਲਬ ਅਰਥਵਿਵਸਥਾ 'ਚ ਕੇਂਦਰੀ ਬੈਂਕ ਵਲੋਂ ਨਕਦੀ ਦੀ ਸਪਲਾਈ ਵਧਾਉਣ ਦੇ ਉਪਾਅ ਤੋਂ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਹਨ ਜੋ ਹੁਣ ਕਹਿ ਰਹੇ ਹਨ ਕਿ ਇਹ ਓਨਾ ਖਰਾਬ ਨਹੀਂ ਹੋ ਸਕਦਾ ਜਿੰਨਾ ਕਿ ਅਨੁਮਾਨ ਲਗਾਇਆ ਗਿਆ ਹੈ। ਇਸ ਗੱਲ ਦੇ ਸੰਕੇਤ ਹਨ ਕਿ ਅਰਥਵਿਵਸਥਾ 'ਚ 9.5 ਫੀਸਦੀ ਜਾਂ 10 ਫੀਸਦੀ ਦੀ ਗਿਰਾਵਟ ਆਉਣ ਦਾ ਖਦਸ਼ਾ ਨਹੀਂ ਹੈ, ਜਿਵੇਂ ਕਿ ਅਸੀਂ ਪਹਿਲਾਂ ਸੋਚਿਆ ਸੀ।
ਕੁਮਾਰ ਨੇ ਕਿਹਾ ਕਿ ਅਗਸਤ ਅਤੇ ਸਤੰਬਰ 'ਚ ਸੁਧਾਰ ਬਿਹਤਰ ਰਿਹਾ ਹੈ ਅਤੇ ਪੀ. ਐੱਮ. ਆਈ., ਬਿਜਲੀ ਖਪਤ, ਉਦਯੋਗਿਕ ਉਤਪਾਦਨ ਵਰਗੇ ਕਈ ਪ੍ਰਮੁੱਖ ਅੰਕੜਿਆਂ ਤੋਂ ਇਹ ਪਤਾ ਲਗਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਤੀਜੀ ਤਿਮਾਹੀ 'ਚ ਆਰਥਿਕ ਵਾਧੇ 'ਚ ਗਿਰਾਵਟ ਅਨੁਮਾਨ ਤੋਂ ਘੱਟ ਹੋਵੇਗੀ। ਚੌਥੀ ਤਿਮਾਹੀ 'ਚ ਸਥਿਤੀ ਬਿਹਤਰ ਹੋਣ ਦੀ ਉਮੀਦ ਹੈ। ਕੁਮਾਰ ਨੇ ਇਹ ਵੀ ਕਿਹਾ ਕਿ ਅਗਲੇ ਪੈਕੇਜ ’ਚ ਉਨ੍ਹਾਂ ਬੁਨਿਆਦੀ ਯੋਜਨਾਵਾਂ ’ਤੇ ਜ਼ੋਰ ਹੋਣਾ ਚਾਹੀਦਾ ਹੈ, ਜਿਨ੍ਹਾਂ ’ਚ ਘੱਟ ਸਮਾਂ ਲਗਦਾ ਹੈ। ਇਸ ਦਾ ਅਰਥਵਿਵਸਥਾ ਦੇ ਹੋਰ ਖੇਤਰ 'ਚ ਸਕਾਰਾਤਕਮ ਪ੍ਰਭਾਵ ਪਵੇਗਾ ਅਤੇ ਵਾਧਾ ਟਿਕਾਊ ਹੋ ਸਕਦਾ ਹੈ।