ਪਹਿਲਾਂ ਗਾਹਕ ਹੁਣ ਕਿਸਾਨਾਂ ਨੂੰ ਰੁਆ ਰਿਹਾ ਪਿਆਜ਼

02/05/2020 12:17:22 PM

ਨਵੀਂ ਦਿੱਲੀ — ਕੁਝ ਦਿਨ ਪਹਿਲਾਂ ਪਿਆਜ਼ ਦੇ ਵਧੇ ਹੋਏ ਮੁੱਲ ਗਾਹਕਾਂ ਨੂੰ ਰੁਆ ਰਹੇ ਸਨ ਅਤੇ ਹੁਣ ਇਸ ਦੀਆਂ ਲਗਾਤਾਰ ਡਿੱਗਦੀਆਂ ਕੀਮਤਾਂ ਨਾਲ ਕਿਸਾਨਾਂ ਨੂੰ ਰੋਣਾ ਪੈ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਦੀ ਥੋਕ ਮੰਡੀ ਲਾਸਲਗਾਂਵ ’ਚ ਵੱਡੇ ਪੱਧਰ ’ਤੇ ਫਸਲ ਆਉਣ ਕਾਰਣ ਕੀਮਤਾਂ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ। ਸੋਮਵਾਰ ਨੂੰ ਹੀ ਮਾਰਕੀਟ ’ਚ 18,000 ਕੁਇੰਟਲ ਪਿਆਜ਼ ਇਕਮੁਸ਼ਤ ਪੁੱਜਣ ਕਾਰਣ ਭਾਅ 2250 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਸ ਕਾਰਣ ਪਿਆਜ਼ ਕਾਸ਼ਤਕਾਰਾਂ ਦੀ ਚਿੰਤਾ ਵਧ ਗਈ ਹੈ ਅਤੇ ਉਨ੍ਹਾਂ ਨੇ ਸਰਕਾਰ ਕੋਲੋਂ ਡਿੱਗਦੀਆਂ ਕੀਮਤਾਂ ਨੂੰ ਰੋਕਣ ਲਈ ਕੋਈ ਕਦਮ ਉਠਾਉਣ ਦੀ ਮੰਗ ਕੀਤੀ ਹੈ। ਪਿਆਜ਼ ਕਾਸ਼ਤਕਾਰਾਂ ਨੇ ਸਰਕਾਰ ਤੋਂ ਸਟਾਕ ਦੀ ਹੱਦ ਖਤਮ ਕਰਨ ਅਤੇ ਬਰਾਮਦ ’ਤੇ ਲੱਗੇ ਬੈਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਸਤੰਬਰ, 2019 ਤੋਂ ਦਸੰਬਰ, 2019 ਦੌਰਾਨ ਪਿਆਜ਼ ਦੀਆਂ ਕੀਮਤਾਂ ’ਚ ਤੇਜ਼ ਵਾਧੇ ਨੂੰ ਰੋਕਣ ਲਈ ਸਟਾਕ ਦੀ ਹੱਦ ਤੈਅ ਕਰਨ ਦੇ ਨਾਲ ਹੀ ਬਰਾਮਦ ’ਤੇ ਰੋਕ ਲਾ ਦਿੱਤੀ ਸੀ।

ਸੂਤਰਾਂ ਅਨੁਸਾਰ ਮਹਾਰਾਸ਼ਟਰ ਦੇ ਲਾਸਲਗਾਂਵ ਦੀ ਪਿਆਜ਼ ਮੰਡੀ ’ਚ ਦਸੰਬਰ ’ਚ ਹੀ 8625 ਰੁਪਏ ਕੁਇੰਟਲ ਤੱਕ ਪਿਆਜ਼ ਦੀ ਖਰੀਦ ਹੋਈ ਸੀ ਪਰ ਹੁਣ ਜਦੋਂ ਨਵੀਂ ਫਸਲ ਆਈ ਹੈ ਤਾਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਸਿਰਫ਼ 2250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੀ ਰੇਟ ਮਿਲ ਰਿਹਾ ਹੈ। ਲੋਕ ਸਭਾ ਸੰਸਦ ਮੈਂਬਰ ਭਾਰਤੀ ਪਵਾਰ ਨੇ ਵੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਪਿਆਜ਼ ਦੀ ਬਰਾਮਦ ਤੋਂ ਰੋਕ ਹਟਾਉਣ ਦੀ ਮੰਗ ਕੀਤੀ ਹੈ। ਉਹ ਨਾਸਿਕ ਜ਼ਿਲੇ ਅਨੁਸਾਰ ਆਉਣ ਵਾਲੀ ਡਿੰਡੋਰੀ ਲੋਕ ਸਭਾ ਸੀਟ ਤੋਂ ਐੱਮ. ਪੀ. ਹਨ, ਜੋ ਦੇਸ਼ ’ਚ ਪਿਆਜ਼ ਦੀ ਫਸਲ ਲਈ ਮਸ਼ਹੂਰ ਹੈ।

ਕਾਰੋਬਾਰੀ ਨਹੀਂ ਖਰੀਦ ਰਹੇ ਕਿਸਾਨਾਂ ਦੀ ਫਸਲ

ਲਾਸਲਗਾਂਵ ਦੇ ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਵਰਨਾ ਜਗਤਾਪ ਨੇ ਇਸ ਸਮੱਸਿਆ ਨੂੰ ਲੈ ਕੇ ਕਿਹਾ ਕਿ ਦਸੰਬਰ ਦੇ ਅੰਤ ’ਚ ਪਿਆਜ਼ ਦੀ ਵੱਡੀ ਸਪਲਾਈ ਤੋਂ ਬਾਅਦ ਵੀ ਕਾਰੋਬਾਰੀ ਪਿਆਜ਼ ਨੂੰ ਸਟੋਰ ਨਹੀਂ ਕਰ ਪਾ ਰਹੇ ਹਨ। ਇਸ ਦੀ ਵਜ੍ਹਾ ਸਰਕਾਰ ਨਾਲ ਸਟਾਕ ਦੀ ਹੱਦ ਤੈਅ ਕਰਨੀ ਹੈ, ਜਿਸ ਕਾਰਣ ਕਾਰੋਬਾਰੀ ਕਿਸਾਨਾਂ ਤੋਂ ਪਿਆਜ਼ ਵੱਡੀ ਮਾਤਰਾ ’ਚ ਨਹੀਂ ਖਰੀਦ ਰਹੇ।

ਰੋਜ਼ਾਨਾ ਆ ਰਿਹੈ 25,000 ਕੁਇੰਟਲ ਪਿਆਜ਼

ਆਸ-ਪਾਸ ਦੇ ਇਲਾਕਿਆਂ ਤੋਂ ਪਿਆਜ਼ ਦੀ ਸਪਲਾਈ ਵਧਣ ਕਾਰਣ ਲਾਸਲਗਾਂਵ ਦੀ ਮੰਡੀ ’ਚ ਇਨ੍ਹੀਂ ਦਿਨੀਂ ਹਰ ਪਾਸੇ ਪਿਆਜ਼ ਹੀ ਪਿਆਜ਼ ਦਿਸ ਰਿਹਾ ਹੈ ਪਰ ਕਿਸਾਨ ਫਸਲ ਦੀ ਸਹੀ ਕੀਮਤ ਲਈ ਮੁਹਤਾਜ ਹਨ। ਸੁਵਰਨਾ ਨੇ ਕਿਹਾ ਕਿ ਉਨ੍ਹਾਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਇਸ ਸਮੱਸਿਆ ਨੂੰ ਲੈ ਕੇ ਅਲਰਟ ਕਰ ਦਿੱਤਾ ਹੈ। ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜੈਦੱਤ ਹੋਲਕਰ ਨੇ ਕਿਹਾ ਕਿ ਰੋਜ਼ਾਨਾ ਮੰਡੀ ’ਚ 20 ਤੋਂ 25 ਹਜ਼ਾਰ ਕੁਇੰਟਲ ਤੱਕ ਪਿਆਜ਼ ਆ ਰਿਹਾ ਹੈ। ਇਸ ਕਾਰਣ ਕੀਮਤਾਂ ’ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ ’ਤੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲ ਸਕਿਆ ਹੈ।

ਹੁਣ ਸੜ ਰਿਹੈ ਵਿਦੇਸ਼ਾਂ ਤੋਂ ਮੰਗਵਾਇਆ ਪਿਆਜ਼

ਇਸ ਵਿਚਾਲੇ ਦੂਜੇ ਪਾਸੇ ਦਰਾਮਦੀ ਪਿਆਜ਼ ਦੀ ਵੱਡੀ ਮਾਤਰਾ ਸੜ ਰਹੀ ਹੈ। ਖੁਰਾਕ ਮੰਤਰੀ ਰਾਮਵਿਲਾਸ ਪਾਸਵਾਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਸੂਬਾ ਸਰਕਾਰਾਂ ਦਰਾਮਦੀ ਪਿਆਜ਼ ਹੁਣ ਹੋਰ ਨਹੀਂ ਖਰੀਦਣਾ ਚਾਹੁੰਦੀਆਂ। ਅਜਿਹਾ ਕਹਿੰਦਿਆਂ ਉਨ੍ਹਾਂ ਨੇ ਹੁਣ ਹੋਰ ਦਰਾਮਦ ਨਾ ਕਰਨ ਦਾ ਸੰਕੇਤ ਦਿੱਤਾ ਹੈ। ਸੂਤਰਾਂ ਮੁਤਾਬਕ ਕੁਲ 36,000 ਟਨ ਦਰਾਮਦੀ ਪਿਆਜ਼ ’ਚੋਂ 4 ਸੂਬਿਆਂ ਨੇ ਹੀ 2000 ਟਨ ਪਿਆਜ਼ ਖਰੀਦਿਆ ਹੈ। ਇਸ ਤੋਂ ਇਲਾਵਾ ਬਾਕੀ ਪਿਆਜ਼ ਸੜ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹੁਣ ਭਾਰਤ ’ਚ ਪਿਆਜ਼ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ, ਇਸ ਲਈ ਗਾਹਕ ਵਿਦੇਸ਼ੀ ਪਿਆਜ਼ ਦੀ ਬਜਾਏ ਦੇਸੀ ਫਸਲ ਨੂੰ ਹੀ ਤਵੱਜੋ ਦੇ ਰਹੇ ਹਨ।


Related News