ਈ-ਨਾਮ 'ਤੇ ਸਰਕਾਰ ਦਾ ਜ਼ੋਰ, ਸੂਬਿਆਂ 'ਚ ਵਧੇਗਾ ਖੇਤੀ ਕਾਰੋਬਾਰ

Monday, Jan 28, 2019 - 12:12 PM (IST)

ਈ-ਨਾਮ 'ਤੇ ਸਰਕਾਰ ਦਾ ਜ਼ੋਰ, ਸੂਬਿਆਂ 'ਚ ਵਧੇਗਾ ਖੇਤੀ ਕਾਰੋਬਾਰ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਇਲੈਕਟ੍ਰਾਨਿਕ ਰਾਸ਼ਟਰੀ ਖੇਤੀ ਬਾਜ਼ਾਰ (ਈ-ਨਾਮ) ਮੰਚ ਰਾਹੀਂ ਅੰਤਰਰਾਜੀ ਵਪਾਰ ਨੂੰ ਰਫਤਾਰ ਦੇਣ 'ਚ ਲੱਗ ਗਈ ਹੈ। ਈ-ਨਾਮ ਜ਼ਰੀਏ ਖੇਤੀ ਉਤਪਾਦਾਂ ਦੀ ਖਰੀਦ-ਵਿਕਰੀ ਕਾਰੋਬਾਰੀਆਂ ਅਤੇ ਕਿਸਾਨਾਂ ਲਈ ਜ਼ਿਆਦਾ ਆਕਰਸ਼ਕ ਬਣਾਉਣ ਲਈ ਸਰਕਾਰ ਨਵੇਂ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਈ-ਨਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪ੍ਰੈਲ 2016 'ਚ ਕੀਤੀ ਸੀ ਪਰ ਲਗਭਗ ਤਿੰਨ ਸਾਲਾਂ ਪਿੱਛੋਂ ਅੰਤਰਰਾਜੀ ਕਾਰੋਬਾਰ ਇਸ ਮਹੀਨੇ ਹੀ ਸ਼ੁਰੂ ਹੋ ਸਕਿਆ। ਈ-ਨਾਮ ਜ਼ਰੀਏ ਟਮਾਟਰ ਦਾ ਅੰਤਰਰਾਜੀ ਕਾਰੋਬਾਰ ਉੱਤਰ ਪ੍ਰਦੇਸ਼ ਦੀ ਇਕ ਮੰਡੀ ਅਤੇ ਉਤਰਾਖੰਡ ਵਿਚਕਾਰ ਹੋਇਆ।

19 ਜਨਵਰੀ ਨੂੰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚਕਾਰ ਅੰਤਰਰਾਜੀ ਵਪਾਰ ਹੋਇਆ। ਤੇਲੰਗਾਨਾ ਦੀ ਗਡਵਾਲ ਮੰਡੀ ਦੇ ਕਿਸਾਨਾਂ ਨੇ ਆਂਧਰਾ ਪ੍ਰਦੇਸ਼ ਦੀ ਕੁਰਨੂਲ ਦੇ ਇਕ ਕਾਰੋਬਾਰੀ ਨੂੰ 8.46 ਕੁਇੰਟਲ ਮੂੰਗਫਲੀ ਵੇਚੀ। ਅਧਿਕਾਰੀਆਂ ਨੇ ਕਿਹਾ ਕਿ ਅਗਲੇ ਕਦਮਾਂ ਤਹਿਤ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਰਾਜਸਥਾਨ, ਰਾਜਸਥਾਨ ਤੇ ਗੁਜਰਾਤ ਦੇ ਨਾਲ ਹੀ ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕਾਰੋਬਾਰ ਹੋਵੇਗਾ।
ਸੂਬਾ ਪੱਧਰੀ ਮੰਡੀਆਂ ਵਿਚਕਾਰ ਕਾਰੋਬਾਰ ਵਧਾਉਣ ਲਈ ਕੇਂਦਰ ਸਰਕਾਰ ਦੇ ਅਧਿਕਾਰੀ ਸੂਬਾ ਮੰਡੀ ਬੋਰਡ ਦੇ ਪ੍ਰਤੀਨਿਧੀਆਂ, ਵਪਾਰੀਆਂ ਅਤੇ ਕਿਸਾਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਨ। ਮੰਡੀ ਅਧਿਕਾਰੀਆਂ ਨੂੰ ਨਾਲ ਵਾਲੇ ਸੂਬੇ ਦੇ ਵਪਾਰੀਆਂ ਨੂੰ ਲਾਇੰਸੈਂਸ ਜਾਰੀ ਕਰਨ ਲਈ ਕਿਹਾ ਜਾ ਰਿਹਾ ਹੈ, ਤਾਂ ਕਿ ਉਹ ਈ-ਨਾਮ ਜ਼ਰੀਏ ਖੇਤੀ ਉਤਪਾਦ ਬਿਨਾਂ ਕਿਸੇ ਅਸੁਵਿਧਾ ਦੇ ਅਰਾਮ ਨਾਲ ਵੇਚ ਸਕਣ।


Related News