ਤਿਉਹਾਰਾਂ ''ਚ ਵੱਧ ਤੋਂ ਵਧ ਮੁਨਾਫਾ ਕਮਾਉਣ ਲਈ ਡਿਲਵਰੀ ਸਟਾਫ ਵਧਾਉਣ ਦੀ ਤਿਆਰੀ ''ਚ ਈ-ਕਾਮਰਸ ਕੰਪਨੀਆਂ

09/18/2019 4:20:02 PM

ਕੋਲਕਾਤਾ — ਈ-ਕਾਮਰਸ ਕੰਪਨੀਆਂ ਦੀਵਾਲੀ ਤੋਂ ਪਹਿਲਾਂ ਡਿਲਵਰੀ ਸਟਾਫ ਨੂੰ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਸੈਕਟਰ ਦੀਆਂ ਦੋ ਵੱਡੀਆਂ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸਾਲ ਦੀ ਸਭ ਤੋਂ ਵੱਡੀ ਸੇਲ ਇਕੋ ਦਿਨ ਸ਼ੁਰੂ ਹੋਣ ਜਾ ਰਹੀ ਹੈ। ਸਟਾਫ ਮੁਹੱਈਆ ਕਰਵਾਉਣ ਵਾਲੀਆਂ ਫਰਮਾਂ ਨੇ ਦੱਸਿਆ ਕਿ ਦੋਵੇਂ ਕੰਪਨੀਆਂ ਦੀ ਡਿਲੀਵਰੀ ਸਟਾਫ ਦੀ ਮੰਗ 'ਚ 20-30 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਇਹ ਕੰਪਨੀਆਂ ਤਿਉਹਾਰਾਂ ਦੇ ਮੌਸਮ 'ਚ ਦੇਸ਼ ਦੇ ਹਰ ਕੋਨੇ ਤੱਕ ਆਪਣੀ ਪਹੁੰਚ ਯਕੀਨੀ ਬਣਾਉਣਾ ਚਾਹੁੰਦੀਆਂ ਹਨ।

ਰੈਂਡਸਟੈਡ ਟੈਕਨੋਲੋਜੀਜ਼ ਐਂਡ ਸਪੇਸ਼ੈਲਿਟੀਜ਼ ਦੇ ਉਪ ਪ੍ਰਧਾਨ ਯੇਸ਼ੁਬ ਗਿਰੀ ਨੇ ਦੱਸਿਆ, 'ਤਿਉਹਾਰਾਂ 'ਚ ਭਰਤੀ ਲਈ ਈ-ਕਾਮਰਸ ਕੰਪਨੀਆਂ ਸਭ ਤੋਂ ਅੱਗੇ ਹਨ। ਤਿਉਹਾਰਾਂ ਦੌਰਾਨ ਡਿਲਵਰੀ ਕਰਨ ਵਾਲਿਆਂ ਦੀ ਸੰਖਿਆ 2,50,000-3,00,000 ਤੱਕ ਪਹੁੰਚ ਸਕਦੀ ਹੈ।' ਉਨ੍ਹਾਂ ਦੱਸਿਆ, 'ਫਲਿੱਪਕਾਰਟ ਸਮੂਹ ਅਤੇ ਐਮਾਜ਼ਾਨ ਦਾ ਧਿਆਨ ਤਿਉਹਾਰੀ ਸੀਜ਼ਨ ਦਾ ਲਾਭ ਲੈਣ ਵੱਲ ਹੈ। ਕੰਪਨੀਆਂ ਹੁਣ ਛੋਟੇ ਕਸਬਿਆਂ ਤੱਕ ਵੀ ਆਪਣੀ ਅਸਾਨ ਪਹੁੰਚ ਬਣਾਉਣ ਦੀ ਤਿਆਰੀ ਕਰ ਰਹੀਆਂ ਹਨ। ਅਸੀਂ ਪਿਛਲੇ ਸਾਲ ਦੇ ਮੁਕਾਬਲੇ ਡਿਲਵਰੀ ਸਟਾਫ ਦੀ 20-25 ਫੀਸਦੀ ਵਧ ਭਰਤੀ ਦੀ ਉਮੀਦ ਕਰ ਰਹੇ ਹਾਂ।

ਪਿਛਲੀਆਂ ਕੁਝ ਤਿਮਾਹੀਆਂ 'ਚ ਆਰਥਿਕ ਸੁਸਤੀ ਕਾਰਨ ਮੰਗ ਘਟੀ ਹੈ ਅਤੇ ਗਾਹਕ ਖਰੀਦਦਾਰੀ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਹਾਲਾਂਕਿ ਈ-ਕਾਮਰਸ ਸੇਲ 'ਚ ਸਮਾਨ 'ਤੇ ਭਾਰੀ ਛੋਟ ਮਿਲਦੀ ਹੈ। ਆਨਲਾਈਨ ਕੰਪਨੀਆਂ ਨੂੰ ਉਮੀਦ ਹੈ ਕਿ ਤਿਉਹਾਰੀ ਸੀਜ਼ਨ 'ਚ ਸੇਲ 'ਚ ਮਿਲ ਰਿਹਾ ਸਸਤਾ ਸਮਾਨ ਖਰੀਦਣ ਲਈ ਗਾਹਕ ਹੱਥੋਂ ਮੌਕਾ ਨਹੀਂ ਜਾਣ ਦੇਣਗੇ।

ਐਮਾਜ਼ੋਨ

ਐਮਾਜ਼ੋਨ ਨੇ ਤਿਉਹਾਰੀ ਸੀਜ਼ਨ ਲਈ ਹਾਇਰਿੰਗ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ, 'ਸਾਨੂੰ ਤਿਉਹਾਰੀ ਸੀਜ਼ਨ 'ਚ ਐਮਾਜ਼ੋਨ ਦੇ ਫੁੱਲਫਿਲਮੈਂਟ ਨੈੱਟਵਰਕ ਅਤੇ ਕਸਟਮਰ ਸਰਵਿਸ ਟੀਮ ਮਜ਼ਬੂਤ ਬਣਾਉਣ ਲਈ ਹਜ਼ਾਰਾਂ ਐਸੋਸੀਏਟਸ ਹਾਇਰ ਕਰਦੇ ਹਾਂ। 2018 'ਚ ਕੰਪਨੀ ਨੇ 50,000 ਸੀਜ਼ਨਲ ਐਸੋਸੀਏਟਸ ਦੀ ਭਰਤੀ ਕੀਤੀ ਸੀ। ਐਮਾਜ਼ੋਨ ਨੇ ਦੱਸਿਆ ਕਿ ਉਸਨੇ ਹੁਣੇ ਜਿਹੇ ਤਿਉਹਾਰੀ ਸੀਜ਼ਨ ਲਈ ਡਿਲਵਰੀ ਨੈਟਵਰਕ ਦਾ ਵਿਸਥਾਰ ਕੀਤਾ ਹੈ, ਤਾਂ ਜੋ ਗਾਹਕਾਂ ਨੂੰ ਤੇਜ਼ੀ ਨਾਲ ਸਮਾਨ ਪਹੁੰਚਾਇਆ ਜਾ ਸਕੇ।

ਫਲਿੱਪਕਾਰਟ

ਫਲਿੱਪਕਾਰਟ ਨੇ ਵੀ ਈ-ਮੇਲ ਜ਼ਰੀਏ ਪੁੱਛੇ ਗਏ ਸਵਾਲ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ ਕੰਪਨੀ ਨੇ ਹੁਣੇ ਜਿਹੇ ਜਾਣਕਾਰੀ ਦਿੱਤੀ ਸੀ ਕਿ ਬਿੱਗ ਬਿਲੀਅਨ ਡੇਅ ਸੇਲ ਤੋਂ ਪਹਿਲਾਂ ਉਸਨੇ ਸਪਲਾਈ ਚੇਨ ਨੂੰ ਮਜ਼ਬੂਤ ਕੀਤਾ ਹੈ। ਕੰਪਨੀ ਹੁਣ 19,200 ਪਿਨ ਕੋਡ 'ਤੇ ਡਿਲਵਰੀ ਕਰ ਰਹੀ ਹੈ। ਸਾਲ 2018 'ਚ ਇਹ ਸਰਵਿਸ 10,660 ਪਿਨ ਕੋਡ ਤੱਕ ਸੀਮਤ ਸੀ।


Related News