ਕੱਚੀ ਕਪਾਹ ਦੀ ਦਰਾਮਦ ’ਤੇ ਡਿਊਟੀ ਦੀ ਛੋਟ 31 ਅਕਤੂਬਰ ਤੱਕ ਵਧੀ

Thursday, Jul 07, 2022 - 01:49 PM (IST)

ਕੱਚੀ ਕਪਾਹ ਦੀ ਦਰਾਮਦ ’ਤੇ ਡਿਊਟੀ ਦੀ ਛੋਟ 31 ਅਕਤੂਬਰ ਤੱਕ ਵਧੀ

ਨਵੀਂ ਦਿੱਲੀ - ਵਿੱਤ ਮੰਤਰਾਲਾ ਨੇ ਕੱਚੀ ਕਪਾਹ ਦੀ ਦਰਾਮਦ ’ਤੇ ਕਸਟਮ ਡਿਊਟੀ ਦੀ ਛੋਟ ਨੂੰ 31 ਅਕਤੂਬਰ ਤੱਕ 1 ਮਹੀਨੇ ਲਈ ਵਧਾ ਦਿੱਤਾ ਹੈ। ਮੰਤਰਾਲਾ ਨੇ 14 ਅਪ੍ਰੈਲ ਨੂੰ ਘਰੇਲੂ ਬਜ਼ਾਰ ’ਚ ਕਪਾਹ ਦੀਆਂ ਕੀਮਤਾਂ ਨੂੰ ਕੰਟ੍ਰੋਲ ’ਚ ਕਰਨ ਲਈ ਉਸ ਦੀ ਦਰਾਮਦ ’ਤੇ 30 ਸਤੰਬਰ, 2022 ਤੱਕ ਦਰਾਮਦ ਡਿਊਟੀ ਅਤੇ ਖੇਤੀਬਾੜੀ ਮੂਲ ਢਾਂਚਾ ਵਿਕਾਸ ਉਪ-ਟੈਕਸ (ਏ. ਆਈ. ਡੀ. ਸੀ.) ਦੀ ਛੋਟ ਦਿੱਤੀ ਸੀ।

ਮੰਤਰਾਲਾ ਨੇ 4 ਜੁਲਾਈ ਦੇ ਨੋਟੀਫਿਕੇਸ਼ਨ ’ਚ ਇਸ ਨੂੰ 31 ਅਕਤੂਬਰ ਤੱਕ ਵਧਾ ਦਿੱਤਾ ਹੈ। ਕਪਾਹ ਅਤੇ ਸੂਤੀ ਧਾਗੇ ਦੀਆਂ ਕੀਮਤਾਂ ’ਚ ਤੇਜ਼ੀ ਦਰਮਿਆਨ ਕੱਪੜਾ ਮੰਤਰਾਲਾ ਡਿਊਟੀ ਮਾਫੀ ਨੂੰ ਸਤੰਬਰ ਤੋਂ ਅੱਗੇ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ।

ਉਦਯੋਗ ਜਗਤ ਵੀ ਕਪਾਹ ਦੀ ਡਿਊਟੀ ਮੁਕਤ ਦਰਾਮਦ ਦੀ ਸਮਾਂ-ਹੱਦ ਦੇ ਵਾਧੇ ਦੀ ਮੰਗ ਕਰ ਰਿਹਾ ਸੀ। 14 ਅਪ੍ਰੈਲ ਤੋਂ ਪਹਿਲਾਂ ਕੱਚੀ ਕਪਾਹ ਦੀ ਦਰਾਮਦ ’ਤੇ 5 ਫੀਸਦੀ ਮੂਲ ਕਸਟਮ ਡਿਊਟੀ (ਬੀ. ਸੀ. ਡੀ.) ਅਤੇ 5 ਫੀਸਦੀ ਏ. ਆਈ. ਡੀ. ਸੀ. ਡਿਊਟੀ ਲੱਗਦੀ ਸੀ। ਡਿਊਟੀ ’ਚ ਛੋਟ ਕਾਰਨ ਕੱਪੜਾ ਲੜੀ (ਧਾਗਾ, ਕੱਪੜਾ, ਪਹਿਰਾਵਾ ਅਤੇ ਤਿਆਰ ਕੱਪੜੇ) ਨੂੰ ਫਾਇਦਾ ਹੋਵੇਗਾ ਅਤੇ ਖਪਤਕਾਰਾਂ ਨੂੰ ਰਾਹਤ ਮਿਲੇਗੀ। ਕਪਾਹ ਦੀਆਂ ਕੀਮਤਾਂ ਫਰਵਰੀ, 2021 ਦੇ 44,500 ਰੁਪਏ ਪ੍ਰਤੀ ਕੈਂਡੀ ਤੋਂ ਵਧਾ ਕੇ ਮਾਰਚ, 2022 ’ਚ 90,000 ਰੁਪਏ ਪ੍ਰਤੀ ਕੈਂਡੀ ਹੋ ਗਈਆਂ ਹਨ।

ਹਰੇਕ ਕੈਂਡੀ ਦਾ ਭਾਰ 356 ਕਿਲੋ ਗ੍ਰਾਮ ਹੁੰਦਾ ਹੈ। ਇਸ ਉਦਯੋਗ ਦੇ ਕਾਰੋਬਾਰੀਆਂ ਨੇ ਕਿਹਾ ਕਿ ਕਪਾਹ ਦੀਆਂ ਕੀਮਤਾਂ ’ਚ ਤੇਜ਼ ਵਾਧਾ ਅਤੇ ਧਾਗੇ ਅਤੇ ਕੱਪੜੇ ਦੀਆਂ ਕੀਮਤਾਂ ’ਚ ਇਸ ਦਾ ਅਸਰ ਸੂਤੀ ਕੱਪੜਾ ਦੇ ਮੁੱਲ ਲੜੀ ਦੇ ਸੰਭਾਵਿਤ ਵਾਧੇ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ।


author

Harinder Kaur

Content Editor

Related News