ਚੀਨ ਦੇ ਸਟੀਲ 'ਤੇ ਡੰਪਿੰਗ ਰੋਕੂ ਡਿਊਟੀ ਜਾਰੀ ਰੱਖ ਸਕਦੀ ਹੈ ਸਰਕਾਰ
Wednesday, Feb 24, 2021 - 09:20 AM (IST)
ਨਵੀਂ ਦਿੱਲੀ- ਵਣਜ ਮੰਤਰਾਲਾ ਦੀ ਜਾਂਚ ਇਕਾਈ ਡੀ. ਜੀ. ਟੀ. ਆਰ. ਨੇ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਦੇ ਕੁਝ ਉਤਪਾਦਾਂ 'ਤੇ ਡੰਪਿੰਗ ਰੋਕੂ ਡਿਊਟੀ ਨੂੰ ਜਾਰੀ ਰੱਖਣ ਸਬੰਧੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਘਰੇਲੂ ਉਦਯੋਗਾਂ ਦੀ ਸ਼ਿਕਾਇਤ ਤੋਂ ਪਿੱਛੋਂ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਇਕ ਨੋਟੀਫਿਕੇਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਘਰੇਲੂ ਕੰਪਨੀ ਆਈ. ਐੱਸ. ਐੱਮ. ਟੀ. ਲਿਮਟਿਡ ਅਤੇ ਜਿੰਦਲ ਸਾ ਲਿਮਟਿਡ ਨੇ ਵਪਾਰ ਉਪਚਾਰ ਜਨਰਲ ਡਾਇਰੈਕਟੋਰੇਟ (ਡੀ. ਜੀ. ਟੀ. ਆਰ.) ਨੂੰ ਇਹ ਸ਼ਿਕਾਇਤ ਕੀਤੀ ਹੈ।
ਸ਼ਿਕਾਇਤ ਵਿਚ ਇਹ ਕਿਹਾ ਗਿਆ ਹੈ ਕਿ ਚੀਨ ਤੋਂ ਸਟੀਲ ਉਤਪਾਦਾਂ ਦੀ ਡੰਪਿੰਗ ਲਗਾਤਾਰ ਜਾਰੀ ਹੈ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, ''ਜੇਕਰ ਮੌਜੂਦਾ ਡਿਊਟੀ ਨੂੰ ਤੈਅ ਮਿਆਦ ਵਿਚ ਸਮਾਪਤ ਹੋ ਜਾਣ ਦਿੱਤਾ ਜਾਂਦਾ ਹੈ ਤਾਂ ਇਨ੍ਹਾਂ ਵਸਤੂਾਂ ਦੀ ਡੰਪਿੰਗ ਜਾਰੀ ਰਹਿਣ ਦੀ ਸੰਭਾਵਨਾ ਹੈ।''
ਡੀ. ਜੀ. ਟੀ. ਆਰ. ਇਸ ਦੀ ਸਮੀਖਿਆ ਕਰੇਗਾ ਕਿ ਇਨ੍ਹਾਂ ਉਤਪਾਦਾਂ 'ਤੇ ਲਾਗੂ ਡੰਪਿੰਗ ਰੋਕੂ ਡਿਊਟੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਇਸ ਗੱਲ 'ਤੇ ਵੀ ਗੌਰ ਕਰੇਗਾ ਕਿ ਜੇਕਰ ਡਿਊਟੀ ਨੂੰ ਖ਼ਤਮ ਹੋਣ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਡੰਪਿੰਗ ਵਧੇਗੀ ਅਤੇ ਉਸ ਦਾ ਘਰੇਲੂ ਉਦਯੋਗਾਂ 'ਤੇ ਅਸਰ ਹੋਵੇਗਾ। ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਕੁਝ ਸਟੀਲ ਉਤਪਾਦਾਂ 'ਤੇ ਸਭ ਤੋਂ ਪਹਿਲਾਂ ਫਰਵਰੀ 2017 ਵਿਚ ਡੰਪਿੰਗ ਰੋਕੂ ਡਿਊਟੀ ਲਾਈ ਗਈ ਸੀ, ਜੋ ਇਸ ਸਾਲ 16 ਮਈ ਨੂੰ ਖ਼ਤਮ ਹੋਣ ਜਾ ਰਹੀ ਹੈ।