ਬੀਅਰ ਦੀ ਮੰਗ ਘਟੀ, 20 ਫੀਸਦੀ ਡਿੱਗੀਆਂ ਜੌਂ ਦੀਆਂ ਕੀਮਤਾਂ

08/07/2020 2:08:52 AM

ਨਵੀਂ ਦਿੱਲੀ (ਇੰਟ.)–ਬੀਅਰ ਦੀ ਕਮਜ਼ੋਰ ਮੰਗ ਕਾਰਣ ਪਿਛਲੇ 3 ਮਹੀਨਿਆਂ 'ਚ ਜੌਂ ਦੀਆਂ ਕੀਮਤਾਂ 'ਚ 20 ਫੀਸਦੀ ਦੀ ਭਾਰੀ ਗਿਰਾਵਟ ਆਈ ਹੈ। ਕੋਰੋਨਾ ਵਾਇਰਸ ਕਾਰਣ ਲਾਕਡਾਊਨ ਦੇ ਚੱਲਦੇ ਬਾਰ, ਰੈਸਟੋਰੈਂਟ ਅਤੇ ਸ਼ਰਾਬ ਦੀਆਂ ਦੁਕਾਨਾਂ ਕਾਫੀ ਸਮੇਂ ਤੱਕ ਬੰਦ ਰਹਿਣ ਨਾਲ ਬੀਅਰ ਦੀ ਮੰਗ ਘਟ ਗਈ। ਇਹ ਲਾਕਡਾਊਨ ਅਜਿਹੇ ਸਮੇਂ ਹੋਇਆ ਜਦੋਂ ਪੀਕ ਸੀਜ਼ਨ ਦੇ ਚੱਲਦੇ ਬੀਅਰ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਜਨਵਰੀ ਅਤੇ ਜੂਨ ਦਰਮਿਆਨ ਲਗਭਗ 65 ਫੀਸਦੀ ਬੀਅਰ ਵੇਚੀ ਜਾਂਦੀ ਹੈ ਜਦੋਂ ਕਿ ਸਾਲ ਦੇ ਬਾਕੀ 6 ਮਹੀਨਿਆਂ 'ਚ ਬੀਅਰ ਦੀ ਵਿਕਰੀ 35 ਫੀਸਦੀ ਦੇ ਨੇੜੇ-ਤੇੜੇ ਰਹਿੰਦੀ ਹੈ।

ਪੀ. ਐੱਮ. ਵੀ. ਮਾਲਟਿੰਗ ਦੇ ਚੇਅਰਮੈਨ ਅਤੇ ਐੱਮ. ਡੀ. ਪੀ. ਕੇ. ਜੈਨ ਨੇ ਕਿਹਾ ਕਿ ਜ਼ਿਆਦਾਤਰ ਬਰੂਵਰੀਜ, ਡਿਸਟਿਲਰੀਜ਼ ਅਤੇ ਮਾਲਟਿੰਗ ਇਕਾਈਆਂ 35 ਫੀਸਦੀ ਦੀ ਸਮਰੱਥਾ 'ਤੇ ਚੱਲ ਰਹੀਆਂ ਹਨ। ਜੈਨ ਦੀ ਕੰਪਨੀ ਐਨਾਹੇਸਰ ਬੁਸ਼, ਕਾਲਰਸਬਰਗ, ਹੇਨਕੇਨ ਸਮੇਤ ਕਈ ਕੰਪਨੀਆਂ ਨੂੰ ਮਾਲ ਸਪਲਾਈ ਕਰਦੀ ਹੈ। ਸੈਰ-ਸਪਾਟਾ, ਹੋਟਲ ਅਤੇ ਰੈਸਟੋਰੈਂਟ ਖੇਤਰਾਂ ਤੋਂ ਹੁਣ ਤੱਕ ਵਿਕਰੀ ਨਾਂਹ ਦੇ ਬਰਾਬਰ ਹੈ। ਇਸ ਕਾਰਣ ਮੰਡੀਆਂ ਤੋਂ ਜੌਂ ਦੀ ਖਰੀਦ 'ਚ ਗਿਰਾਵਟ ਆਈ ਹੈ। ਕਿਸਾਨਾਂ ਨੂੰ ਆਪਣੀ ਫਸਲ ਨੂੰ ਵੇਚਣ ਲਈ ਕਾਫੀ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ।


Karan Kumar

Content Editor

Related News