ਈ-ਕਾਮਰਸ ਕੰਪਨੀਆਂ ਦੇ ਸਾਰੇ ਕਰਮਚਾਰੀਆਂ ਲਈ ''ਅਰੋਗ ਸੇਤੂ ਐਪ'' ਡਾਊਨਲੋਡ ਕਰਨਾ ਜ਼ਰੂਰੀ
Monday, Apr 20, 2020 - 01:50 PM (IST)

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਈ-ਕਾਮਰਸ ਕੰਪਨੀਆਂ ਦੇ ਸਾਰੇ ਕਰਮਚਾਰੀਆਂ ਲਈ 'ਅਰੋਗ ਸੇਤੂ ਐਪ' ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਇਸ ਦੀ ਜ਼ਿੰਮੇਵਾਰੀ ਈ-ਕਾਮਰਸ ਕੰਪਨੀਆਂ ਦੇ ਮੁੱਖ ਆਪਰੇਟਿੰਗ ਅਧਿਕਾਰੀਆਂ (ਸੀ. ਓ. ਓ.) ਨੂੰ ਦਿੱਤੀ ਗਈ ਹੈ। ਈ-ਕਾਮਰਸ ਕੰਪਨੀਆਂ ਦੇ ਆਪਰੇਟਿੰਗ ਲਈ ਤਿਆਰ ਕੀਤੇ ਗਏ ਨਿਯਮਾਂ ਦੇ ਖਰੜੇ ਵਿਚ ਇਸ ਤੋਂ ਇਲਾਵਾ ਕਈ ਹੋਰ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਨੂੰ ਥਾਂ ਦਿੱਤੀ ਗਈ ਹੈ। ਖਰੜੇ ਮੁਤਾਬਕ,"ਇਨ੍ਹਾਂ ਪ੍ਰਕਿਰਿਆਵਾਂ ਦਾ ਮਕਸਦ ਈ-ਕਾਮਰਸ ਕੰਪਨੀਆਂ ਦੀ ਪੂਰੀ ਸਪਲਾਈ ਚੇਨ ਵਿਚ ਕਾਰਜ ਸਥਾਨ 'ਤੇ ਸਾਫ-ਸਫਾਈ ਅਤੇ ਹੋਰ ਸਿਹਤ ਸੁਰੱਖਿਆ ਸਟੈਂਡਰਜ਼ ਨਾਲ ਜੁੜੀ ਜਾਣਕਾਰੀ ਦੇਣਾ ਹੈ।"
ਈ-ਕਾਮਰਸ ਕੰਪਨੀਆਂ ਦੇ ਮੁੱਖ ਆਪਰੇਟਿੰਗ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਕੰਪਨੀ ਦੇ ਹਰ ਕਰਮਚਾਰੀ ਦੇ ਫੋਨ ਵਿਚ ਜ਼ਰੂਰ ਤੌਰ 'ਤੇ 'ਅਰੋਗ ਸੇਤੂ' ਐਪ ਡਾਊਨਲੋਡ ਕਰਵਾਉਣ। ਇਸ ਦੇ ਨਾਲ ਹੀ ਭਾਈਚਾਰਕ ਦੂਰੀ ਅਤੇ ਸਾਫ-ਸਫਾਈ ਦੇ ਨਿਯਮਾਂ ਦਾ ਸਖਤਾਈ ਨਾਲ ਪਾਲਣ ਨਿਸ਼ਚਿਤ ਕਰਨ।
ਇਸ ਤਰ੍ਹਾਂ ਖੇਤਰੀ ਪੱਧਰ 'ਤੇ ਵਿਕਰੇਤਾ, ਗੋਦਾਮਾਂ ਜਾਂ ਵਿਕਰੀ ਆਪਰੇਟਿੰਗ ਦਾ ਪ੍ਰਬੰਧ ਦੇਖਣ ਵਾਲਿਆਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਖੰਘ, ਜ਼ੁਕਾਮ, ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਵਰਗੇ ਲੱਛਣ ਦਿਖਾਈ ਦੇਣ 'ਤੇ ਕਰਮਚਾਰੀਆਂ ਦੀ ਜਾਂਚ ਕਰਵਾਉਣਗੇ। ਕਿਸੇ ਵੀ ਕਰਮਚਾਰੀ ਵਿਚ ਇਸ ਦੇ ਲੱਛਣ ਦੇਖੇ ਜਾਣ ਦੇ ਬਾਅਦ ਪ੍ਰਬੰਧਕਾਂ ਨੂੰ ਨੇੜਲੇ ਹਸਪਤਾਲ ਨੂੰ ਸੂਚਿਤ ਕਰਨਾ ਪਵੇਗਾ। ਜੇਕਰ ਕੋਈ ਕਰਮਚਾਰੀ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਉਸੇ ਸਮੇਂ ਉਸ ਸਥਾਨ ਨੂੰ ਖਾਲੀ ਕਰਨਾ ਪਵੇਗਾ ਅਤੇ ਸਾਰੇ ਸਾਮਾਨ ਆਦਿ ਨੂੰ ਵੱਖ ਕਰਨਾ ਪਵੇਗਾ। ਖਰੜੇ ਮੁਤਾਬਕ ਕੇਂਦਰੀ ਪੱਧਰ ਤੇ ਕੰਪਨੀਆਂ ਨੂੰ ਸਿਖਲਾਈ ਕਰਨ ਲਈ ਜ਼ਿੰਮੇਵਾਰ ਹੋਣਗੇ।