ਡਾ. ਰੈਡੀਜ਼ ਵੱਲੋਂ ਰੈਮਡੇਸਿਵਿਰ ਲਈ ਗਿਲਿਡ ਸਾਇੰਸਜ਼ ਨਾਲ ਸਮਝੌਤਾ
Saturday, Jun 13, 2020 - 06:21 PM (IST)
ਹੈਦਰਾਬਾਦ— ਡਾ. ਰੈਡੀਜ਼ ਲੈਬੋਰੇਟਰੀਜ਼ ਲਿਮਟਿਡ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਗਿਲਿਡ ਸਾਇੰਸਜ਼ ਨਾਲ ਕੋਵਿਡ-19 ਦੀ ਸੰਭਾਵਿਤ ਦਵਾਈ ਰੈਮਡੇਸਿਵਿਰ ਦੇ ਉਤਪਾਦਨ ਲਈ ਇਕ ਸਮਝੌਤਾ ਕੀਤਾ ਹੈ।
ਇਸ ਤਹਿਤ ਡਾ. ਰੈਡੀਜ਼ ਨੂੰ ਰੈਮਡੇਸਿਵਿਰ ਦੇ ਨਿਰਮਾਣ ਤੇ ਭਾਰਤ ਸਮੇਤ ਦੁਨੀਆ ਦੇ 127 ਦੇਸ਼ਾਂ 'ਚ ਵਿਕਰੀ ਦਾ ਅਧਿਕਾਰ ਮਿਲੇਗਾ। ਕੰਪਨੀ ਨੇ ਇਕ ਪ੍ਰੈੱਸ ਬਿਆਨ 'ਚ ਦੱਸਿਆ ਕਿ ਇਸ ਸਮਝੌਤੇ ਤਹਿਤ ਡਾ. ਰੈਡੀਜ਼ ਨੂੰ ਗਿਲਿਡ ਵੱਲੋਂ ਇਸ ਦਵਾਈ ਦੇ ਨਿਰਮਾਣ ਲਈ ਤਕੀਨਕ ਟਰਾਂਸਫਰ ਕੀਤੀ ਜਾਵੇਗੀ।
ਹਾਲਾਂਕਿ, ਇਸ ਸਮਝੌਤੇ ਲਈ ਰੈਗੂਲੇਟਰੀ ਮਨਜ਼ੂਰੀ ਮਿਲਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਰੈਮਡੇਸਿਵਿਰ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ 'ਚ ਸੰਕਟਕਾਲੀਨ ਇਸਤੇਮਾਲ ਦੀ ਮਨਜ਼ੂਰੀ ਹੈ। ਭਾਰਤ ਇਸ ਸਮੇਂ ਰੈਮਡੇਸਿਵਿਰ ਦਾ ਨਿਰਮਾਣ ਨਹੀਂ ਕਰਦਾ ਹੈ। ਗਿਲਿਡ ਸਾਇੰਸਜ਼ ਇਸ ਤੋਂ ਪਹਿਲਾਂ ਚਾਰ ਹੋਰ ਭਾਰਤੀ ਕੰਪਨੀਆਂ ਨਾਲ ਅਜਿਹਾ ਹੀ ਗੈਰ ਵਿਸ਼ੇਸ਼ ਲਾਇਸੈਂਸਿੰਗ ਸਮਝੌਤਾ ਕਰ ਚੁੱਕੀ ਹੈ, ਜਿਸ ਲਈ ਭਾਰਤ ਦੇ ਦਵਾ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।