ਗਲੋਬਲ ਬਾਜ਼ਾਰਾਂ 'ਚ ਹਾਹਾਕਾਰ, ਭਾਰਤੀ ਕਰੰਸੀ 'ਚ 1.04 ਰੁ: ਦੀ ਗਿਰਾਵਟ

Friday, Feb 26, 2021 - 04:32 PM (IST)

ਗਲੋਬਲ ਬਾਜ਼ਾਰਾਂ 'ਚ ਹਾਹਾਕਾਰ, ਭਾਰਤੀ ਕਰੰਸੀ 'ਚ 1.04 ਰੁ: ਦੀ ਗਿਰਾਵਟ

ਮੁੰਬਈ- ਸ਼ੁੱਕਰਵਾਰ ਦਾ ਦਿਨ ਗਲੋਬਲ ਬਾਜ਼ਾਰਾਂ 'ਤੇ ਭਾਰੂ ਰਿਹਾ। ਸੰਯੁਕਤ ਰਾਜ ਅਮਰੀਕਾ ਵਿਚ ਬਾਂਡ ਯੀਲਡ ਵਧਣ ਵਿਚਕਾਰ ਉੱਥੋਂ ਦੇ ਬਾਜ਼ਾਰ ਤੋਂ ਲੈ ਕੇ ਏਸ਼ੀਆਈ ਤੇ ਯੂਰਪੀ ਸ਼ੇਅਰ ਬਾਜ਼ਾਰਾਂ ਵਿਚ ਭਾਰੀ ਵਿਕਵਾਲੀ ਹੋਈ। ਭਾਰਤੀ ਸ਼ੇਅਰ ਬਾਜ਼ਾਰ 3 ਫ਼ੀਸਦੀ ਤੋਂ ਵੱਧ ਲੁੜਕ ਗਏ। ਬਾਜ਼ਾਰ ਵਿਚ ਜ਼ੋਰਦਾਰ ਵਿਕਵਾਲੀ ਕਾਰਨ ਭਾਰਤੀ ਕਰੰਸੀ ਦਬਾਅ ਵਿਚ ਆ ਗਈ ਅਤੇ ਕਾਰੋਬਾਰ ਦੀ ਸਮਾਪਤੀ 'ਤੇ 1.04 ਰੁਪਏ ਡਿੱਗ ਕੇ 73.47 ਪ੍ਰਤੀ ਡਾਲਰ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 72.43 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ।

ਬਾਂਡ ਯੀਲਡ ਵਧਣਾ ਕੰਪਨੀਆਂ ਲਈ ਉਧਾਰੀ ਮਹਿੰਗੀ ਹੋਣ ਦਾ ਸੰਕੇਤ ਹੈ, ਜਿਸ ਕਾਰਨ ਉਨ੍ਹਾਂ ਦੇ ਮੁਨਾਫੇ ਅਤੇ ਨਾਲ ਹੀ ਸ਼ੇਅਰਧਾਰਕਾਂ ਦੇ ਰਿਟਰਨ 'ਤੇ ਅਸਰ ਪੈਂਦਾ ਹੈ। ਸੰਯੁਕਤ ਰਾਜ ਅਮਰੀਕਾ ਵੱਲੋਂ ਸੀਰੀਆ 'ਤੇ ਕੀਤੇ ਗਏ ਹਵਾਈ ਹਮਲੇ ਕਾਰਨ ਵੀ ਬਾਜ਼ਾਰਾਂ ਵਿਚ ਸਹਿਮ ਦਾ ਮਾਹੌਲ ਰਿਹਾ।

ਉੱਥੇ ਹੀ, ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ ਤਕਰੀਬਨ 2000 ਅੰਕ ਲੁੜਕ ਕੇ 49,099 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ। ਏਸ਼ੀਆਈ ਬਾਜ਼ਾਰ ਵੀ ਡੁੱਬਕੀ ਲਾ ਗਏ। ਜਾਪਾਨ ਦਾ ਬਾਜ਼ਾਰ ਨਿੱਕੇਈ 1200 ਅੰਕ ਟੁੱਟਾ, ਚੀਨ ਦਾ ਸ਼ੰਘਾਈ ਕੰਪੋਜ਼ਿਟ 75 ਅੰਕ, ਹਾਂਗਕਾਂਗ ਦਾ ਹੈਂਗਸੇਂਗ 1,093 ਅੰਕ ਡਿੱਗਾ। ਦੱਖਣੀ ਕੋਰੀਆ ਦਾ ਕੋਸਪੀ ਵੀ 86 ਅੰਕ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਤੇ ਬੰਦ ਹੋਇਆ।


author

Sanjeev

Content Editor

Related News