ਬਾਈਡੇਨ ਪ੍ਰਸ਼ਾਸਨ ਨਾਲ ਵਪਾਰ ਮੁੱਦਿਆਂ 'ਤੇ ਗੰਭੀਰ ਚਰਚਾ ਦੀ ਉਮੀਦ : ਜੈਸ਼ੰਕਰ

Saturday, Dec 12, 2020 - 10:50 PM (IST)

ਬਾਈਡੇਨ ਪ੍ਰਸ਼ਾਸਨ ਨਾਲ ਵਪਾਰ ਮੁੱਦਿਆਂ 'ਤੇ ਗੰਭੀਰ ਚਰਚਾ ਦੀ ਉਮੀਦ : ਜੈਸ਼ੰਕਰ

ਨਵੀਂ ਦਿੱਲੀ— ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਅਤੇ ਟਰੰਪ ਪ੍ਰਸ਼ਾਸਨ ਵਿਚਕਾਰ ਵਪਾਰ ਮੁੱਦਿਆਂ 'ਤੇ ਕਾਫ਼ੀ ਗੰਭੀਰ ਗੱਲਬਾਤ ਹੋਈ ਸੀ ਅਤੇ ਨਾਲ ਹੀ ਉਨ੍ਹਾਂ ਉਮੀਦ ਜਤਾਈ ਕਿ ਬਾਈਡੇਨ ਪ੍ਰਸ਼ਾਸਨ ਨਾਲ ਵੀ ਇਨ੍ਹਾਂ ਮਸਲਿਆਂ 'ਤੇ ਗੰਭੀਰ ਚਰਚਾ ਹੋਵੇਗੀ।

ਵਿਦੇਸ਼ ਮੰਤਰੀ ਨੇ ਕਿਹਾ ਕਿ ਹੁਣ ਤੱਕ ਹੋਈ ਗੱਲਬਾਤ ਦੌਰਾਨ ਕਿਸੇ ਵੱਡੀ ਸਹਿਮਤੀ ਤੱਕ ਪਹੁੰਚਣ ਤੋਂ ਪਹਿਲਾਂ ਮਤਭੇਦਾਂ ਨੂੰ ਦੂਰ ਕਰਨ 'ਤੇ ਜ਼ੋਰ ਦਿੱਤਾ ਗਿਆ। ਜੈਸ਼ੰਕਰ ਨੇ ਉਦਯੋਗ ਸੰਗਠਨ ਫਿੱਕੀ ਦੇ ਸਾਲਾਨਾ ਸੰਮੇਲਨ 'ਚ ਕਿਹਾ ਕਿ ਅਮਰੀਕੀ ਅਰਥਵਿਵਸਥਾ ਮੋਟੇ ਤੌਰ 'ਤੇ ਇਕ 'ਪੂਰਕ' ਦੀ ਤਰ੍ਹਾਂ ਹੈ ਅਤੇ ਦੋਹਾਂ ਪੱਖਾਂ ਵਿਚਕਾਰ ਕੋਈ ਵੀ ਬੁਨਿਆਦੀ ਟਰਾਅ ਨਹੀਂ ਹੈ, ਹਾਲਾਂਕਿ ਕੁਝ ਖੇਤਰਾਂ 'ਚ ਰੁਕਾਵਟਾਂ ਹਨ।


ਉਨ੍ਹਾਂ ਕਿਹਾ, ''ਸਾਡੀ ਸਰਕਾਰ ਅਤੇ ਟਰੰਪ ਪ੍ਰਸ਼ਾਸਨ ਵਿਚਕਾਰ ਵਪਾਰ ਮੁੱਦਿਆਂ ਨੂੰ ਹੱਲ ਕਰਨ 'ਤੇ ਕਾਫ਼ੀ ਗੰਭੀਰ ਗੱਲਬਾਤ ਹੋਈ। ਮੈਨੂੰ ਲੱਗਦਾ ਹੈ ਕਿ ਦੋਹਾਂ ਪੱਖਾਂ ਦੀ ਆਮ ਸੋਚ ਸੀ- ਚਲੋ ਕੁਝ ਵੱਡਾ ਕਰਨ ਤੋਂ ਪਹਿਲਾਂ ਮੱਤਭੇਦਾਂ ਨਾਲ ਨਜਿੱਠਾਂਗੇ।'' ਵਿਦੇਸ਼ ਮੰਤਰੀ ਨੇ ਕਿਹਾ ਕਿ ਪ੍ਰਸਤਾਵਿਤ ਵਪਾਰ ਸਮਝੌਤੇ ਨੂੰ ਲੈ ਕੇ ਕਾਫ਼ੀ ਚਰਚਾਵਾਂ ਹੋਈਆਂ ਹਨ। ਕਈ ਕਾਰਨਾਂ ਕਾਰਨ ਉਹ ਇਸ ਨੂੰ ਪੂਰਾ ਨਹੀਂ ਕਰ ਸਕੇ। ਮੈਂ ਤੁਹਾਨੂੰ ਆਪਣੇ ਵੱਲੋਂ ਦੱਸ ਸਕਦਾ ਹਾਂ ਕਿ ਅਸੀਂ ਗੰਭੀਰ ਹਾਂ। ਅਸੀਂ ਉਨ੍ਹਾਂ ਮੁੱਦਿਆਂ ਦਾ ਹੱਲ ਚਾਹੁੰਦੇ ਸੀ ਕਿਉਂਕਿ ਸਾਨੂੰ ਲੱਗਾ ਕਿ ਸਾਡੇ ਰਿਸ਼ਤਿਆਂ 'ਚ ਕੁਝ ਬਹੁਤ ਵੱਡਾ ਹੋਣ ਵਾਲਾ ਹੈ ਪਰ ਅਜਿਹਾ ਕੁਝ ਨਹੀਂ ਹੋ ਸਕਿਆ। ਉਨ੍ਹਾਂ ਕਿਹਾ, ''ਮੈਨੂੰ ਹੁਣ ਪੂਰਾ ਯਕੀਨ ਹੈ ਕਿ ਇਕ ਵਾਰ ਫਿਰ ਹੁਣ ਬਾਈਡੇਨ ਪ੍ਰਸ਼ਾਸਨ 'ਚ ਅਸੀਂ ਗੰਭੀਰ ਚਰਚਾ ਕਰਾਂਗੇ। ਮੈਨੂੰ ਪਤਾ ਹੈ ਕਿ ਸਾਡੇ ਮੰਤਰੀ ਇਸ 'ਤੇ ਬਹੁਤ ਧਿਆਨ ਦੇ ਰਹੇ ਹਨ ਅਤੇ ਉਨ੍ਹਾਂ ਦੇ ਏਜੰਡੇ 'ਚ ਇਹ ਬੇਹੱਦ ਮਹੱਤਵਪੂਰਨ ਹੈ।''


author

Sanjeev

Content Editor

Related News