2,654 ਕਰੋੜ ਦੀ ਧੋਖਾਧੜੀ ਮਾਮਲੇ ''ਚ DPIL ਦੇ ਡਾਇਰੈਕਟਰ ਅਮਿਤ ਭਟਨਾਗਰ ਗ੍ਰਿਫਤਾਰ
Wednesday, Apr 18, 2018 - 11:46 AM (IST)

ਗੁਜਰਾਤ — ਗੁਜਰਾਤ ਦੀ ਏ.ਟੀ.ਐੱਸ. ਅਤੇ ਸੀ.ਬੀ.ਆਈ. ਦੀ ਸੰਯੁਕਤ ਟੀਮ ਨੇ ਡਾਇਮੰਡ ਪਾਵਰ ਇਨਫਰਾਸਟਰੱਕਚਰ ਲਿਮਟਿਡ(ਡੀ.ਪੀ.ਆਈ.ਐੱਲ.) ਦੇ ਡਾਇਰੈਕਟਰ ਅਮਿਤ ਭਟਨਾਗਰ, ਸੁਰੇਸ਼ ਭਟਨਾਗਰ ਅਤੇ ਸੁਮਿਤ ਭਟਨਾਗਰ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਗ੍ਰਿਫਤਾਰ ਕੀਤਾ ਹੈ। ਸੀ.ਬੀ.ਆਈ. ਨੇ ਕਥਿਤ ਤੌਰ 'ਤੇ ਵੱਖ-ਵੱਖ ਬੈਂਕਾਂ ਨਾਲ 2654 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਬੜੌਦਾ ਸਥਿਤ ਕੰਪਨੀ ਅਤੇ ਕੰਪਨੀ ਦੇ ਡਾਇਰੈਕਟਰ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਹ ਕੰਪਨੀ ਬਿਜਲੀ ਕੇਬਲ ਅਤੇ ਹੋਰ ਸਾਜ਼ੋ-ਸਮਾਨ ਦਾ ਕਾਰੋਬਾਰ ਕਰਦੀ ਹੈ।
ਸੀ.ਬੀ.ਆਈ. ਨੇ ਡਾਇਮੰਡ ਪਾਵਰ ਇਨਫਰਾਸਟਰੱਕਚਰ ਲਿਮਟਿਡ(ਡੀ.ਪੀ.ਆਈ.ਐੱਲ.) ਨਾਮ ਦੀ ਕੰਪਨੀ ਅਤੇ ਡਾਇਰੈਕਟਰਾਂ ਦੇ ਵਡੋਦਰਾ ਸਥਿਤ ਦਫਤਰ ਅਤੇ ਘਰਾਂ ਦੀ ਤਲਾਸ਼ੀ ਲਈ ਸੀ। ਸੀ.ਬੀ.ਆਈ. ਨੇ ਦੋਸ਼ ਲਗਾਇਆ ਹੈ ਕਿ ਡੀ.ਪੀ.ਆਈ.ਐੱਲ. ਦੇ ਪ੍ਰਮੋਟਰ ਐੱਸ.ਐੱਨ. ਭਟਨਾਗਰ ਅਤੇ ਉਨ੍ਹਾਂ ਦੇ ਬੇਟੇ ਅਮਿਤ ਭਟਨਾਗਰ ਅਤੇ ਸੁਮਿਤ ਭਟਨਾਗਰ ਕੰਪਨੀ ਦੇ ਕਾਰਜਕਾਰੀ ਹਨ।
ਸੀ.ਬੀ.ਆਈ. ਨੇ ਕਿਹਾ ਕਿ ਇਸ ਕਰਜ਼ੇ ਨੂੰ ਐੱਨ.ਪੀ.ਏ. ਘੋਸ਼ਿਤ ਕਰ ਦਿੱਤਾ ਗਿਆ ਸੀ। ਸੀ.ਬੀ.ਆਈ. ਨੇ ਕਿਹਾ, ' ਇਹ ਦੋਸ਼ ਲਗਾਇਆ ਜਾਂਦਾ ਹੈ ਕਿ ਡੀ.ਪੀ.ਆਈ. ਐੱਲ. ਨੇ ਆਪਣੇ ਪ੍ਰਬੰਧਨ ਦੇ ਜ਼ਰੀਏ ਫਰਜ਼ੀ ਤਰੀਕੇ ਨਾਲ 11 ਬੈਂਕਾਂ(ਪਬਲਿਕ ਅਤੇ ਪ੍ਰਾਈਵੇਟ) ਕੋਲੋਂ 2008 ਵਿਚ ਲੋਨ ਲਿਆ ਅਤੇ 29 ਜੂਨ 2016 ਤੱਕ ਉਸ 'ਤੇ 2654.40 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਸੀ।'
ਸੀ.ਬੀ.ਆਈ. ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਅਤੇ ਉਸਦੇ ਮੈਨੇਜਰ ਦਾ ਨਾਮ ਭਾਰਤੀ ਰਿਜ਼ਰਵ ਬੈਂਕ ਦੀ ਡਿਫਾਲਟਰਾਂ ਦੀ ਸੂਚੀ ਅਤੇ ਈ.ਸੀ.ਜੀ.ਸੀ.(ਐਕਸਪੋਰਟ ਕਰੈਡਿਟ ਗਰੰਟੀ ਕਾਰਪੋਰੇਸ਼ਨ) ਦੀ ਚਿਤਾਵਨੀ ਸੂਚੀ 'ਚ ਸ਼ਾਮਲ ਸੀ। ਇਸ ਦੇ ਬਾਵਜੂਦ ਉਹ ਕਰਜ਼ਾ ਲੈਣ ਵਿਚ ਕਾਮਯਾਬ ਰਹੇ।