ਡੀਜ਼ਲ ਦੀ ਵਿਕਰੀ ਨੂੰ ਫਿਰ ਝਟਕਾ, ਨਵੰਬਰ ''ਚ ਪੰਜ ਫ਼ੀਸਦੀ ਡਿੱਗੀ

Monday, Nov 16, 2020 - 06:05 PM (IST)

ਡੀਜ਼ਲ ਦੀ ਵਿਕਰੀ ਨੂੰ ਫਿਰ ਝਟਕਾ, ਨਵੰਬਰ ''ਚ ਪੰਜ ਫ਼ੀਸਦੀ ਡਿੱਗੀ

ਨਵੀਂ ਦਿੱਲੀ— ਨਵੰਬਰ ਮਹੀਨੇ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਭਾਰਤ 'ਚ ਡੀਜ਼ਲ ਦੀ ਵਿਕਰੀ ਸਾਲ ਭਰ ਪਹਿਲਾਂ ਦੀ ਤੁਲਨਾ 'ਚ ਪੰਜ ਫ਼ੀਸਦੀ ਘੱਟ ਹੋ ਗਈ। ਇਸ ਤੋਂ ਪਹਿਲਾਂ ਅਕਤੂਬਰ 'ਚ ਡੀਜ਼ਲ ਦੀ ਵਿਕਰੀ 'ਚ 8 ਮਹੀਨਿਆਂ ਬਾਅਦ ਪਹਿਲੀ ਵਾਰ ਤੇਜ਼ੀ ਆਈ ਸੀ।

ਹਾਲਾਂਕਿ, ਨਵੰਬਰ 'ਚ ਹੁਣ ਤੱਕ ਡੀਜ਼ਲ ਦੀ ਵਿਕਰੀ ਮਹੀਨਾਵਾਰ ਆਧਾਰ 'ਤੇ 7 ਫ਼ੀਸਦੀ ਜ਼ਿਆਦਾ ਹੈ। ਇਕ ਤੋਂ 15 ਨਵੰਬਰ ਵਿਚਕਾਰ ਡੀਜ਼ਲ ਦੀ ਖ਼ਪਤ 28.6 ਲੱਖ ਟਨ ਰਹੀ।

ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 30.1 ਲੱਖ ਟਨ ਸੀ। ਹਾਲਾਂਕਿ, ਇਹ ਅਕਤੂਬਰ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਦੀ 26.5 ਲੱਖ ਟਨ ਮੰਗ ਤੋਂ ਜ਼ਿਆਦਾ ਰਹੀ। ਇਸ ਦੌਰਾਨ ਪੈਟਰੋਲ ਦੀ ਵਿਕਰੀ 10.2 ਲੱਖ ਟਨ ਹੋ ਗਈ, ਜਦੋਂ ਕਿ ਇਸ ਸਾਲ ਪਹਿਲੀ ਵਾਰ ਰਸੋਈ ਗੈਸ ਦੀ ਵਿਕਰੀ 2 ਫ਼ੀਸਦੀ ਘੱਟ ਕੇ 10.7 ਲੱਖ ਟਨ ਰਹੀ। ਹਵਾਬਾਜ਼ੀ ਈਂਧਣ (ਈ. ਟੀ. ਐੱਫ.) ਦੀ ਵਿਕਰੀ ਸਾਲ ਦਰ ਸਾਲ 53 ਫ਼ੀਸਦੀ ਘੱਟ ਕੇ 1,55,000 ਟਨ ਰਹੀ। ਮਹੀਨਾਵਾਰ ਆਧਾਰ 'ਤੇ ਇਹ 1.3 ਫ਼ੀਸਦੀ ਜ਼ਿਆਦਾ ਰਹੀ। ਅਕਤੂਬਰ 'ਚ ਪੈਟਰੋਲੀਅਮ ਉਤਪਾਦਾਂ ਦੀ ਕੁੱਲ ਮੰਗ 2.5 ਫ਼ੀਸਦੀ ਵੱਧ ਕੇ 177.7 ਲੱਖ ਟਨ 'ਤੇ ਪਹੁੰਚ ਗਈ। ਪੈਟਰੋਲ ਦੀ ਮੰਗ ਸਤੰਬਰ 'ਚ ਹੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਗਈ ਸੀ ਅਤੇ ਡੀਜ਼ਲ ਦੀ ਵਿਕਰੀ ਅਕਤੂਬਰ 'ਚ ਇਸ ਪੱਧਰ 'ਤੇ ਪਹੁੰਚੀ ਸੀ।


author

Sanjeev

Content Editor

Related News