ਦਿੱਲੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ

09/12/2020 5:53:26 PM

ਨਵੀਂ ਦਿੱਲੀ— ਵਿਦੇਸ਼ ਤੋਂ ਭਾਰਤ ਆਉਣ ਵਾਲੇ ਹਵਾਈ ਯਾਤਰੀਆਂ ਲਈ ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡਾਇਲ) ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਕੋਵਿਡ-19 ਟੈਸਟਿੰਗ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਅਜਿਹੇ 'ਚ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ 7 ਦਿਨ ਦਾ ਸੰਸਥਾਗਤ ਇਕਾਂਤਵਾਸ ਜ਼ਰੂਰੀ ਨਹੀਂ ਹੋਵੇਗਾ। ਇਹ ਦੇਸ਼ ਦਾ ਪਹਿਲਾ ਕੋਰੋਨਾ ਜਾਂਚ ਕੇਂਦਰ ਹੈ, ਜਿਸ ਨੂੰ ਕਿਸੇ ਹਵਾਈ ਅੱਡੇ 'ਤੇ ਬਣਾਇਆ ਗਿਆ ਹੈ। ਹਰ ਰੋਜ਼ ਤਕਰੀਬਨ 2,500 ਨਮੂਨੇ ਲਏ ਜਾਣਗੇ। ਟੈਸਟ ਤੇ ਲਾਊਂਜ ਲਈ ਪੰਜ ਹਜ਼ਾਰ ਰੁਪਏ ਦੇਣੇ ਹੋਣਗੇ। ਇਸ 'ਚ 2,400 ਰੁਪਏ ਟੈਸਟ ਦਾ ਰੇਟ ਹੈ, ਜੋ ਕਿ ਆਈ. ਸੀ. ਐੱਮ. ਆਰ. ਵੱਲੋਂ ਨਿਰਧਾਰਤ ਦਰ ਹੈ।

ਹਾਲਾਂਕਿ, ਜ਼ਰੂਰਤ ਪੈਣ 'ਤੇ ਇਸ ਦੀ ਸਮਰਥਾ ਨੂੰ ਵਧਾ ਕੇ 1,5000 ਨਮੂਨੇ ਪ੍ਰਤੀ ਦਿਨ ਕਰ ਦਿੱਤਾ ਜਾਵੇਗਾ। ਡਾਇਲ ਨੇ ਇਹ ਟੈਸਟਿੰਗ ਸੁਵਿਧਾ 'ਜੈਨਸਟ੍ਰਗਿੰਸ ਡਾਇਗਨੋਸਟਿਕ ਸੈਂਟਰ' ਨਾਲ ਮਿਲ ਕੇ ਹਵਾਈ ਅੱਡੇ ਦੇ ਟਰਮੀਨਲ-3 'ਤੇ ਮਲਟੀਲੇਵਲ ਕਾਰ ਪਾਰਕਿੰਗ 'ਚ ਸਥਾਪਿਤ ਕੀਤਾ ਹੈ।

ਇਸ ਜਾਂਚ ਕੇਂਦਰ 'ਚ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਕੁਨੈਕਟਿੰਗ ਘਰੇਲੂ ਫਲਾਈਟ ਲੈਣ ਤੋਂ ਪਹਿਲਾਂ ਕੋਰੋਨਾ ਦੀ ਜਾਂਚ ਕੀਤੀ ਜਾਏਗੀ। ਜਾਂਚ ਦੀ ਰਿਪੋਰਟ 5-6 ਘੰਟੇ 'ਚ ਮਿਲੇਗੀ। ਜੇਕਰ ਯਾਤਰੀ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ, ਤਾਂ ਉਸ ਨੂੰ ਘਰੇਲੂ ਉਡਾਣ 'ਚ ਆਉਣ-ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਪਰ ਜੇਕਰ ਕੋਈ ਯਾਤਰੀ ਸੰਕ੍ਰਮਿਤ ਨਿਕਲਦਾ ਹੈ ਤਾਂ ਉਸ ਨੂੰ ਹਵਾਈ ਅੱਡੇ ਤੋਂ ਕਿਸੇ ਹਸਪਤਾਲ 'ਚ ਦਾਖ਼ਲ ਕਰਾਇਆ ਜਾਵੇਗਾ। ਜਾਂਚ ਲਈ ਨਮੂਨੇ ਦੇਣ ਤੋਂ ਬਾਅਦ ਯਾਤਰੀ ਨੂੰ ਉਦੋਂ ਤੱਕ ਇਕਾਂਤਵਾਸ 'ਚ ਰੱਖਿਆ ਜਾਵੇਗਾ ਜਦੋਂ ਤੱਕ ਉਸ ਦੀ ਰਿਪੋਰਟ ਨਹੀਂ ਆ ਜਾਂਦੀ। ਸ਼ਹਿਰ 'ਚ ਦਾਖ਼ਲ ਹੋਣ ਤੋਂ ਪਹਿਲਾਂ ਜਾਂ ਦੂਜੇ ਸ਼ਹਿਰ ਦੀ ਯਾਤਰਾ ਕਰਨ ਤੋਂ ਪਹਿਲਾਂ ਇਹ ਜਾਂਚ ਜ਼ਰੂਰੀ ਹੋਵੇਗੀ। ਇਸ ਟੈਸਟਿੰਗ ਸੈਂਟਰ 'ਤੇ ਆਰ. ਟੀ., ਪੀ. ਸੀ. ਆਰ. ਟੈਸਟ ਤਕਨਾਲੋਜੀ ਜ਼ਰੀਏ ਯਾਤਰੀਆਂ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ। ਕੋਰੋਨਾ ਜਾਂਚ ਲਈ ਯਾਤਰੀ ਆਨਲਾਈਨ ਬੁਕਿੰਗ ਅਤੇ ਭੁਗਤਾਨ ਕਰ ਸਕਦੇ ਹਨ।


Sanjeev

Content Editor

Related News