Go First ਦੀਆਂ ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਉਡਾਣ ਦੀ ਇਜਾਜ਼ਤ ਦੇਵੇਗਾ DGCA
Thursday, May 25, 2023 - 10:00 AM (IST)
 
            
            ਮੁੰਬਈ (ਭਾਸ਼ਾ) - ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਸੰਕਟ ’ਚ ਫਸੀ ਏਅਰਲਾਈਨ ਕੰਪਨੀ ਗੋ ਫਸਟ ਨੂੰ ਉਡਾਣਾਂ ਦੀ ਮੁੜ ਇਜਾਜ਼ਤ ਦੇਣ ਤੋਂ ਪਹਿਲਾਂ ਉਸ ਦੀਆਂ ਤਿਆਰੀਆਂ ਦਾ ‘ਆਡਿਟ’ ਕਰੇਗਾ। ਗੋ ਫਸਟ ਵਲੋਂ ਆਪਣੇ ਕਰਮਚਾਰੀਆਂ ਨੂੰ ਭੇਜੀ ਗਈ ਸੂਚਨਾ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਨਕਦੀ ਸੰਕਟ ਨਾਲ ਜੂਝ ਰਹੀ ਗੋ ਫਸਟ ਦੀਆਂ ਉਡਾਣਾਂ 3 ਮਈ ਤੋਂ ਬੰਦ ਹਨ। ਫਿਲਹਾਲ ਏਅਰਲਾਈਨ ਸਵੈਇਛੁੱਕ ਦਿਵਾਲਾ ਸਲਿਊਸ਼ਨ ਕਾਰਵਾਈ ’ਚ ਹੈ। ਡੀ. ਜੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਨੇ ਰੈਗੂਲੇਟਰ ਦੇ ਕਾਰਣ ਦੱਸੋ ਨੋਟਿਸ ਦਾ ਜਵਾਬ ਦੇ ਦਿੱਤਾ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਛੇਤੀ ਤੋਂ ਛੇਤੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ’ਤੇ ਕੰਮ ਕਰ ਰਹੀ ਹੈ।
ਗੋ ਫਸਟ ਨੇ ਕਿਹਾ ਕਿ ਸਰਕਾਰ ਨੇ ਬਹੁਤ ਸਹਿਯੋਗ ਦਿੱਤਾ ਹੈ ਅਤੇ ਏਅਰਲਾਈਨ ਨੂੰ ਛੇਤੀ ਤੋਂ ਛੇਤੀ ਸੰਚਾਲਨ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਮੰਗਲਵਾਰ ਰਾਤ ਭੇਜੀ ਗਈ ਸੂਚਨਾ ’ਚ ਕਿਹਾ ਗਿਆ ਹੈ ਕਿ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨੇ ਆਸਵੰਦ ਕੀਤਾ ਹੈ ਕਿ ਸੰਚਾਲਨ ਸ਼ੁਰੂ ਹੋਣ ਤੋਂ ਪਹਿਲਾਂ ਕਰਮਚਾਰੀਆਂ ਦੀ ਅਪ੍ਰੈਲ ਮਹੀਨੇ ਦੀ ਤਨਖ਼ਾਹ ਉਨ੍ਹਾਂ ਦੇ ਖਾਤਿਆਂ ’ਚ ਪਾ ਦਿੱਤੀ ਜਾਏਗੀ। ਇਸ ਤੋਂ ਇਲਾਵਾ ਆਉਂਦੇ ਮਹੀਨੇ ਤੋਂ ਤਨਖ਼ਾਹ ਦਾ ਭੁਗਤਾਨ ਹਰ ਮਹੀਨੇ ਦੇ ਪਹਿਲੇ ਹਫ਼ਤੇ ’ਚ ਕੀਤਾ ਜਾਏਗਾ। ਇਹ ਸੂਚਨਾ ਗੋ ਫਸਟ ਦੇ ਸੰਚਾਲਨ ਮੁਖੀ ਰਜਿਤ ਰੰਜਨ ਨੇ ਕਰਮਚਾਰੀਆਂ ਨੂੰ ਭੇਜੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            