ਹਵਾਈ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ, DGCA ਨੇ ਜਾਰੀ ਕੀਤੇ ਇਹ ਹੁਕਮ

Thursday, Oct 08, 2020 - 08:01 PM (IST)

ਹਵਾਈ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ, DGCA ਨੇ ਜਾਰੀ ਕੀਤੇ ਇਹ ਹੁਕਮ

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਕੋਰੋਨਾ ਵਾਇਰਸ ਕਾਰਨ ਜਿਨ੍ਹਾਂ ਹਵਾਈ ਮੁਸਾਫ਼ਰਾਂ ਦੀਆਂ ਉਡਾਣਾਂ ਰੱਦ ਹੋ ਗਈਆਂ ਸਨ, ਉਨ੍ਹਾਂ ਦੀਆਂ ਟਿਕਟ ਦੇ ਪੈਸੇ ਵਾਪਸ ਕਰਨ ਦੇ ਵਿਸਥਾਰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਬੁੱਧਵਾਰ ਨੂੰ ਜਾਰੀ ਸਰਕੁਲਰ 'ਚ ਡੀ. ਜੀ. ਸੀ. ਏ. ਨੇ ਕਿਹਾ ਹੈ ਕਿ ਇਨ੍ਹਾਂ ਹਵਾਈ ਮੁਸਾਫ਼ਰਾਂ ਨੂੰ ਤਿੰਨ ਸ਼੍ਰੇਣੀ 'ਚ ਵੰਡਿਆ ਗਿਆ ਹੈ।

ਇਸ ਤਹਿਤ ਪਹਿਲੀ ਸ਼੍ਰੇਣੀ 'ਚ ਉਹ ਯਾਤਰੀ ਹਨ ਜਿਨ੍ਹਾਂ ਨੇ 25 ਮਾਰਚ ਤੋਂ 24 ਮਈ ਵਿਚਕਾਰ ਸਫ਼ਰ ਲਈ ਬੁਕਿੰਗ ਕਰਾਈ ਸੀ। ਇਹ ਉਹ ਸਮਾਂ ਹੈ ਜਦੋਂ ਦੇਸ਼ 'ਚ ਸਾਰੇ ਤਰ੍ਹਾਂ ਦੀਆਂ ਉਡਾਣਾਂ 'ਤੇ ਪੂਰੀ ਪਾਬੰਦੀ ਸੀ।

ਇਸ ਤੋਂ ਇਲਾਵਾ ਦੂਜੀ ਸ਼੍ਰੇਣੀ 'ਚ ਉਹ ਯਾਤਰੀ ਹਨ ਜਿਨ੍ਹਾਂ ਨੇ ਲਾਕਡਾਊਨ ਤੋਂ ਪਹਿਲਾਂ ਬੁਕਿੰਗ ਕਰਾਈ ਸੀ ਪਰ ਉਨ੍ਹਾਂ ਦੀ ਉਡਾਣ 24 ਮਈ ਜਾਂ ਉਸ ਤੋਂ ਪਹਿਲਾਂ ਦੀ ਸੀ। ਤੀਜੀ ਸ਼੍ਰੇਣੀ 'ਚ ਉਹ ਯਾਤਰੀ ਹਨ ਜਿਨ੍ਹਾਂ ਨੇ 25 ਮਈ ਜਾਂ ਉਸ ਤੋਂ ਬਾਅਦ ਦੀ ਯਾਤਰਾ ਲਈ ਬੁਕਿੰਗ ਕਰਾਈ ਸੀ।

ਇਸ ਤਰ੍ਹਾਂ ਮਿਲੇਗਾ ਰਿਫੰਡ
ਡੀ. ਜੀ. ਸੀ. ਏ. ਨੇ ਕਿਹਾ ਕਿ ਪਹਿਲੀ ਸ਼੍ਰੇਣੀ ਦੇ ਜਿਨ੍ਹਾਂ ਹਵਾਈ ਮੁਸਾਫ਼ਰਾਂ ਨੇ ਸਿੱਧੇ ਏਅਰਲਾਈਨ ਤੋਂ ਟਿਕਟ ਖਰੀਦੀ ਸੀ ਉਨ੍ਹਾਂ ਨੂੰ ਬਿਨਾਂ ਕੋਈ ਚਾਰਜ ਕੱਟੇ ਪੈਸੇ ਤਿੰਨ ਹਫ਼ਤੇ ਅੰਦਰ ਵਾਪਸ ਹੋਣੇ ਚਾਹੀਦੇ ਹਨ, ਭਾਵੇਂ ਹੀ ਯਾਤਰੀ ਨੇ ਖ਼ੁਦ ਹੀ ਟਿਕਟ ਕਿਉਂ ਨਾ ਖਰੀਦੀ ਹੋਵੇ। ਜਿਨ੍ਹਾਂ ਯਾਤਰੀਆਂ ਨੇ ਟਰੈਵਲ ਏਜੰਟ ਜ਼ਰੀਏ ਟਿਕਟ ਖਰੀਦੀ, ਉਨ੍ਹਾਂ ਦੇ ਮਾਮਲੇ 'ਚ ਜਹਾਜ਼ ਸੇਵਾ ਕੰਪਨੀਆਂ ਨੂੰ ਤੁਰੰਤ ਪੂਰਾ ਪੈਸਾ ਟਰੈਵਲ ਏਜੰਟਾਂ ਨੂੰ ਵਪਾਸ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਿੱਛੋਂ ਟਰੈਵਲ ਏਜੰਟ ਤਤਕਾਲ ਯਾਤਰੀ ਨੂੰ ਪੈਸੇ ਵਾਪਸ ਕਰਨਗੇ।

ਦੂਜੀ ਸ਼੍ਰੇਣੀ ਦੇ ਯਾਤਰੀਆਂ ਲਈ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਭਾਰਤੀ ਏਅਰਲਾਈਨ ਜਾਂ ਏਜੰਟ ਰਾਹੀਂ ਟਿਕਟ ਕਰਾਈ ਹੈ ਤਾਂ ਉਨ੍ਹਾਂ ਨੂੰ 22 ਅਕਤੂਬਰ ਤੱਕ ਪੂਰਾ ਪੈਸਾ ਵਾਪਸ ਕੀਤਾ ਜਾਵੇਗਾ। ਜੇਕਰ ਏਅਰਲਾਈਨ ਕਮਜ਼ੋਰ ਹੈ ਤਾਂ ਇਸ ਟਿਕਟ ਦੇ ਬਦਲੇ 'ਚ ਕ੍ਰੈਡਿਟ ਸ਼ੈੱਲ ਜਾਰੀ ਕਰ ਸਕਦੀ ਹੈ, ਜਿਸ ਦਾ ਇਸਤੇਮਾਲ 31 ਮਾਰਚ 2022 ਤੱਕ ਉਸ ਏਅਰਲਾਈਨ ਦੇ ਨੈੱਟਵਰਕ 'ਚ ਕਿਸੇ ਵੀ ਮਾਰਗ 'ਤੇ ਯਾਤਰਾ ਲਈ ਕੀਤਾ ਜਾ ਸਕਦਾ ਹੈ। ਕ੍ਰੈਡਿਟ ਸ਼ੈੱਲ ਦਾ ਉਕਤ ਤਾਰੀਖ਼ ਤੱਕ ਇਸਤੇਮਾਲ ਨਾ ਹੋਣ 'ਤੇ ਪੂਰਾ ਪੈਸਾ ਵਿਆਜ ਸਮੇਤ ਵਾਪਸ ਕੀਤਾ ਜਾਵੇਗਾ। ਉਡਾਣ ਰੱਦ ਹੋਣ ਦੀ ਤਾਰੀਖ਼ ਤੋਂ 0.5 ਫੀਸਦੀ ਮਹੀਨਾਵਾਰ ਵਿਆਜ ਦੇਣਾ ਹੋਵੇਗਾ। ਤੀਜੀ ਸ਼੍ਰੇਣੀ ਦੇ ਯਾਤਰੀਆਂ ਨੂੰ ਯਾਨੀ ਜਿਨ੍ਹਾਂ ਦੇ ਟਿਕਟ 25 ਮਈ ਜਾਂ ਉਸ ਤੋਂ ਬਾਅਦ ਦੀ ਯਾਤਰਾ ਲਈ ਸਨ, ਕੋਵਿਡ-19 ਤੋਂ ਪਹਿਲਾਂ ਦੇ ਨਿਯਮਾਂ ਮੁਤਾਬਕ ਰਿਫੰਡ ਮਿਲੇਗਾ।


author

Sanjeev

Content Editor

Related News