ਡੀ. ਜੀ. ਸੀ. ਏ. ਨੇ ਏਅਰਲਾਈਨਾਂ ਤੋਂ ਭਾਰਤ-ਯੂ. ਕੇ. ਉਡਾਣਾਂ ਦੇ ਕਿਰਾਏ ਦੇ ਵੇਰਵੇ ਮੰਗੇ

08/08/2021 6:20:25 PM

ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੇ ਏਅਰਲਾਈਨਾਂ ਤੋਂ ਅਗਸਤ ਦੌਰਾਨ ਭਾਰਤ-ਯੂ. ਕੇ. ਮਾਰਗ 'ਤੇ ਕਿਰਾਏ ਦੀਆਂ ਦਰਾਂ ਦੇ ਵੇਰਵੇ ਮੰਗੇ ਹਨ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਸ਼ਨੀਵਾਰ ਨੂੰ, ਅੰਤਰ-ਰਾਜ ਪ੍ਰੀਸ਼ਦ ਸਕੱਤਰੇਤ ਦੇ ਗ੍ਰਹਿ ਮੰਤਰਾਲੇ ਦੇ ਸਕੱਤਰ ਸੰਜੀਵ ਗੁਪਤਾ ਨੇ ਟਵਿੱਟਰ 'ਤੇ ਸ਼ਿਕਾਇਤ ਕੀਤੀ ਕਿ 26 ਅਗਸਤ ਨੂੰ ਬ੍ਰਿਟਿਸ਼ ਏਅਰਵੇਜ਼ ਦੀ ਦਿੱਲੀ-ਲੰਡਨ ਉਡਾਣ ਦਾ ਇਕਨੋਮੀ ਕਲਾਸ ਕਿਰਾਇਆ 3.95 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਬ੍ਰਿਟੇਨ ਵਿਚ ਕਾਲਜਾਂ ਵਿਚ ਦਾਖ਼ਲੇ ਸਮੇਂ ਵਿਸਤਾਰਾ ਤੇ ਏਅਰ ਇੰਡੀਆ ਦਾ ਬ੍ਰਿਟੇਨ ਉਡਾਣ ਦਾ ਵੀ ਕਿਰਾਇਆ 1.2 ਲੱਖ ਰੁਪਏ ਤੋਂ 2.3 ਲੱਖ ਰੁਪਏ ਵਿਚਕਾਰ ਹੈ। ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਸ਼ਹਿਰੀ ਹਵਾਬਾਜ਼ੀ ਸਕੱਤਰ ਪੀ. ਐੱਸ. ਖਰੋਲਾ ਨੂੰ ਸੂਚਤ ਕਰ ਦਿੱਤਾ ਹੈ।

ਡੀ. ਜੀ. ਸੀ. ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਰੈਗੂਲੇਟਰ ਨੇ ਫਿਲਹਾਲ ਭਾਰਤ-ਯੂਕੇ ਉਡਾਣਾਂ ਚਲਾ ਰਹੀਆਂ ਏਅਰਲਾਈਨਾਂ ਨੂੰ ਕਿਰਾਏ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ। ਘਰੇਲੂ ਉਡਾਣਾਂ 'ਤੇ ਪਿਛਲੇ ਸਾਲ 25 ਮਈ ਤੋਂ ਹੇਠਲੇ ਅਤੇ ਉਪਰਲੇ ਕਿਰਾਏ ਦੀ ਸੀਮਾ ਤੈਅ ਹੈ। ਇਹ ਸੀਮਾ ਕੌਮਾਂਤਰੀ ਉਡਾਣਾਂ 'ਤੇ ਲਾਗੂ ਨਹੀਂ ਹੈ। ਦਿੱਲੀ-ਲੰਡਨ ਤੋਂ ਇਲਾਵਾ ਮੁੰਬਈ-ਲੰਡਨ ਮਾਰਗ 'ਤੇ ਉਡਾਣਾਂ ਚਲਾ ਰਹੀ ਵਿਸਤਾਰਾ ਨੇ ਕਿਹਾ ਕਿ ਕਿਰਾਏ ਦੀਆਂ ਦਰਾਂ ਹਮੇਸ਼ਾ ਮੰਗ ਅਤੇ ਸਪਲਾਈ 'ਤੇ ਨਿਰਭਰ ਕਰਦੀਆਂ ਹਨ। ਵਿਸਤਾਰਾ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ-ਯੂ. ਕੇ. ਮਾਰਗ 'ਤੇ ਹਫਤੇ ਵਿਚ ਸਿਰਫ 15 ਉਡਾਣਾਂ ਦੀ ਇਜਾਜ਼ਤ ਹੈ, ਜਿਵੇਂ ਹੀ ਵਧੇਰੇ ਸਮਰੱਥਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਕਿਰਾਏ ਦੀਆਂ ਦਰਾਂ ਆਪਣੇ-ਆਪ ਹੇਠਾਂ ਆ ਜਾਣਗੀਆਂ।


Sanjeev

Content Editor

Related News