ਮੈਨੂਫੈਕਚਰਿੰਗ ਸਰਗਰਮੀਆਂ ਦੀ ਵਿਕਾਸ ਰਫਤਾਰ ਸੁਸਤ, PMI@54.5%

Tuesday, Mar 03, 2020 - 10:58 AM (IST)

ਮੈਨੂਫੈਕਚਰਿੰਗ ਸਰਗਰਮੀਆਂ ਦੀ ਵਿਕਾਸ ਰਫਤਾਰ ਸੁਸਤ, PMI@54.5%

ਨਵੀਂ ਦਿੱਲੀ — ਭਾਰਤ ਦੀ ਉਦਯੋਗਿਕ ਸਰਗਰਮੀਆਂ ਦੀ ਵਿਕਾਸ ਦਰ ਫਰਵਰੀ ’ਚ ਸੁਸਤ ਰਹੀ। ਇਸ ਦੀ ਵਜ੍ਹਾ ਕਈ ਦੇਸ਼ਾਂ ’ਚ ਫੈਲੇ ਕੋਰੋਨਾ ਵਾਇਰਸ ਨੂੰ ਮੰਨਿਆ ਜਾ ਰਿਹਾ ਹੈ। ਇਕ ਮਹੀਨਾਵਰੀ ਸਰਵੇਖਣ ’ਚ ਇਸ ਦੀ ਜਾਣਕਾਰੀ ਦਿੱਤੀ ਗਈ। ਆਈ. ਐੱਚ. ਐੱਸ. ਮਾਰਕੀਟ ਇੰਡੀਆ ਦੇ ਮੈਨੂਫੈਕਚਰਿੰਗ ਸੈਕਟਰ ਦੇ ਪ੍ਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਫਰਵਰੀ 2020 ’ਚ 54.5 ’ਤੇ ਰਿਹਾ। ਇਹ ਅੰਕੜਾ ਜਨਵਰੀ ਦੇ 55.3 ਅੰਕ ਦੇ ਮੁਕਾਬਲੇ ਹੇਠਾਂ ਹੈ। ਜਨਵਰੀ ’ਚ ਇਹ ਪਿਛਲੇ 8 ਸਾਲਾਂ ’ਚ ਸਭ ਤੋਂ ਉੱਚਾ ਸੀ। ਇਹ ਲਗਾਤਾਰ 31ਵਾਂ ਮਹੀਨਾ ਹੈ ਜਦੋਂ ਭਾਰਤ ’ਚ ਵਿਨਿਰਮਾਣ ਖੇਤਰ ਦਾ ਪੀ. ਐੱਮ. ਆਈ. 50 ਅੰਕ ਦੇ ਪੱਧਰ ਤੋਂ ਉੱਪਰ ਬਣਿਆ ਹੋਇਆ ਹੈ।

ਜਨਵਰੀ ਦੇ ਮੁਕਾਬਲੇ ਉਦਯੋਗਿਕ ਸਰਗਰਮੀਆਂ ’ਚ ਸੁਸਤੀ

ਦੱਸਣਯੋਗ ਹੈ ਕਿ ਪੀ. ਐੱਮ. ਆਈ. ਦਾ 50 ਅੰਕ ਤੋਂ ਉੱਪਰ ਰਹਿਣਾ ਖੇਤਰ ’ਚ ਵਿਸਤਾਰ ਨੂੰ ਦਰਸਾਉਂਦਾ ਹੈ ਜਦੋਂ ਕਿ 50 ਤੋਂ ਹੇਠਾਂ ਰਹਿਣਾ ਗਿਰਾਵਟ ਨੂੰ ਦਰਸਾਉਂਦਾ ਹੈ। ਫਰਵਰੀ ’ਚ ਇਹ 54.5 ਅੰਕ ’ਤੇ ਰਿਹਾ ਜੋ ਖੇਤਰ ’ਚ ਵਿਸਤਾਰ ਜਾਰੀ ਰਹਿਣਾ ਦੱਸਦਾ ਹੈ। ਹਾਲਾਂਕਿ ਇਹ ਵਿਸਤਾਰ ਜਨਵਰੀ ਦੇ ਮੁਕਾਬਲੇ ਕੁੱਝ ਸੁਸਤ ਰਿਹਾ ਹੈ। ਆਈ. ਐੱਚ. ਐੱਸ. ਮਾਰਕੀਟ ਦੀ ਮੁੱਖ ਅਰਥਸ਼ਾਸਤਰੀ ਪਾਲਿਆਨਾ ਡੀ ਲੀਮਾ ਨੇ ਕਿਹਾ ਕਿ ਭਾਰਤ ’ਚ ਕਾਰਖਾਨਿਆਂ ’ਚ ਫਰਵਰੀ ਦੌਰਾਨ ਬਿਹਤਰ ਆਰਡਰ ਮਿਲਣ ਦੀ ਵਜ੍ਹਾ ਨਾਲ ਸਰਗਰਮੀਆਂ ਬਿਹਤਰ ਰਹੀਆਂ। ਕਾਰਖਾਨਿਆਂ ’ਚ ਘਰੇਲੂ ਅਤੇ ਕੌਮਾਂਤਰੀ ਦੋਵਾਂ ਬਾਜ਼ਾਰਾਂ ਤੋਂ ਆਰਡਰ ਪ੍ਰਾਪਤ ਹੋਏ। ਮੰਗ ’ਚ ਆ ਰਹੇ ਇਸ ਸੁਧਾਰ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਰਖਾਨਿਆਂ ’ਚ ਉਤਪਾਦਨ ਵਧੇਗਾ ਅਤੇ ਕੱਚੇ ਮਾਲ ਦੀ ਖਰੀਦਦਾਰੀ ਵੀ ਇਤਿਹਾਸਕ ਰੂਪ ’ਚ ਕਾਫ਼ੀ ਉੱਚੀ ਦਰ ਨਾਲ ਹੋਵੇਗੀ।

ਵਾਇਰਸ ਦੀ ਵਜ੍ਹਾ ਨਾਲ ਬਰਾਮਦ ਅਤੇ ਸਪਲਾਈ ਲੜੀ ਪ੍ਰਭਾਵਿਤ

ਲੀਮਾ ਨੇ ਕਿਹਾ ਕਿ ਕੋਵਿਡ-19 ਦੇ ਫੈਲਣ ਨਾਲ ਭਾਰਤੀ ਮਾਲ ਉਤਪਾਦਕਾਂ ਸਾਹਮਣੇ ਵੱਡੀ ਚੁਣੌਤੀ ਵੀ ਖੜ੍ਹੀ ਹੋ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਇਸ ਵਾਇਰਸ ਦੇ ਅਸਰ ਦੀ ਵਜ੍ਹਾ ਨਾਲ ਬਰਾਮਦ ਅਤੇ ਸਪਲਾਈ ਲੜੀ ਪ੍ਰਭਾਵਿਤ ਹੋ ਰਹੀ ਹੈ। ਇਹੀ ਵਜ੍ਹਾ ਹੈ ਕਿ ਕਾਰੋਬਾਰੀ ਆਉਣ ਵਾਲੇ ਦਿਨਾਂ ’ਚ ਉਤਪਾਦਨ ਵਧਣ ਨੂੰ ਲੈ ਕੇ ਜ਼ਿਆਦਾ ਆਸਵੰਦ ਨਹੀਂ ਹਨ ਅਤੇ ਇਹੀ ਵਜ੍ਹਾ ਹੈ ਕਿ ਉਹ ਨਵੀਆਂ ਭਰਤੀਆਂ ’ਚ ਚੌਕਸੀ ਵਰਤ ਰਹੇ ਹਨ। ਕੋਰੋਨਾ ਵਾਇਰਸ ਦੇ ਫੈਲਣ ਨਾਲ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦਾ ਵੱਡਾ ਹਿੱਸਾ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਇਸ ਦਾ ਅਸਰ ਸਮੁੱਚੇ ਉਦਯੋਗਾਂ ’ਤੇ ਵੇਖਿਆ ਜਾ ਰਿਹਾ ਹੈ।


Related News