ਭਾਰਤ-ਚੀਨ ਨੂੰ ਨਹੀਂ ਲੈਣ ਦਿਆਂਗੇ ਵਿਕਾਸਸ਼ੀਲ ਦੇਸ਼ਾਂ ਵਾਲੇ ਲਾਭ - ਡੋਨਾਲਡ ਟਰੰਪ

08/14/2019 4:30:02 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਹੁਣ ਵਿਕਾਸਸ਼ੀਲ ਦੇਸ਼ ਨਹੀਂ ਹਨ ਅਤੇ ਉਹ ਵਿਸ਼ਵ ਵਪਾਰ ਸੰਗਠਨ(WTO) ਤੋਂ ਮਿਲ ਰਹੇ ਦਰਜ ਦਾ ਲਾਭ ਲੈ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਹੁਣ ਇਸਨੂੰ ਅੱਗੇ ਨਹੀਂ ਹੋਣ ਦੇਣਗੇ। 'ਅਮਰੀਕਾ ਫਰਸਟ' ਨੀਤੀ ਦੇ ਪੈਰੋਕਾਰ ਟਰੰਪ ਅਮਰੀਕੀ ਉਤਪਾਦਾਂ 'ਤੇ ਜ਼ਿਆਦਾ ਦਰ ਨਾਲ ਡਿਊਟੀ ਲਗਾਉਣ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਦੇ ਆ ਰਹੇ ਹਨ। ਅਤੇ ਦੱਖਣੀ ਏਸ਼ਿਆਈ ਦੇਸ਼ ਨੂੰ ਡਿਊਟੀ ਲਗਾਉਣ ਦੇ ਮਾਮਲੇ 'ਚ ਸਭ ਤੋਂ ਅੱਗੇ ਰਹਿਣ ਵਾਲਾ ਦੇਸ਼ ਕਿਹਾ ਹੈ। 

ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਜੰਗ ਚਲ ਰਹੀ ਹੈ। ਟਰੰਪ ਨੇ ਚੀਨ ਦੀਆਂ ਵਸਤੂਆਂ 'ਤੇ ਭਾਰੀ ਡਿਊਟੀ ਲਗਾਉਣ ਦੇ ਬਾਅਦ ਚੀਨ ਨੇ ਵੀ ਜਵਾਬੀ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਜੁਲਾਈ 'ਚ ਟਰੰਪ ਨੇ ਵਿਸ਼ਵ ਵਪਾਰ ਸੰਗਠਨ(WTO) ਨੂੰ ਇਹ ਦੱਸਣ ਲਈ ਕਿਹਾ ਕਿ ਉਹ ਕਿਵੇਂ ਕਿਸੇ ਦੇਸ਼ ਨੂੰ ਵਿਕਾਸਸ਼ੀਲ ਦੇਸ਼ ਦਾ ਦਰਜਾ ਦਿੰਦੇ ਹਨ। ਇਸ ਕਦਮ ਦਾ ਮਕਸਦ ਚੀਨ, ਤੁਰਕੀ ਅਤੇ ਭਾਰਤ ਵਰਗੇ ਦੇਸ਼ਾਂ ਨੂੰ ਇਸ ਵਿਵਸਥਾ ਤੋਂ ਵੱਖ ਕਰਨਾ ਹੈ ਜਿਨ੍ਹਾਂ ਨੂੰ ਵਿਸ਼ਵ ਵਪਾਰ ਨਿਯਮਾਂ ਦੇ ਤਹਿਤ ਰਿਆਇਤਾਂ ਮਿਲ ਰਹੀਆਂ ਹਨ। ਟਰੰਪ ਨੇ ਅਮਰੀਕੀ ਵਪਾਰ ਪ੍ਰਤੀਨਿਧੀ(ਯੂ.ਐਸ.ਟੀ.ਆਰ.) ਨੂੰ ਅਧਿਕਾਰ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਵਿਕਸਿਤ ਅਰਥਵਿਵਸਥਾ ਵਿਸ਼ਵ ਵਪਾਰ ਸੰਗਠਨ ਦੀਆਂ ਕਮੀਆਂ ਦਾ ਲਾਭ ਲੈਂਦੀ ਹੈ ਤਾਂ ਉਹ ਉਨ੍ਹਾਂ ਦੇ ਖਿਲਾਫ ਦੰਡਕਾਰੀ ਕਾਰਵਾਈ ਸ਼ੁਰੂ ਕਰੇ। 

ਪੇਨਸਿਲਵੇਨਿਆ 'ਚ ਮੰਗਲਵਾਰ ਨੂੰ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਏਸ਼ੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਭਾਰਤ ਅਤੇ ਚੀਨ ਹੁਣ ਵਿਕਾਸਸ਼ੀਲ ਦੇਸ਼ ਨਹੀਂ ਰਹੇ ਅਤੇ ਹੁਣ ਉਹ ਡਬਲਯੂ.ਟੀ.ਓ.(WTO) ਦਾ ਲਾਭ ਨਹੀਂ ਲੈ ਸਕਦੇ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਹ ਦੋਵੇਂ ਦੇਸ਼ ਡਬਲਯੂ.ਟੀ.ਓ. ਤੋਂ ਵਿਕਾਸਸ਼ੀਲ ਦੇਸ਼ ਦਾ ਦਰਜਾ ਹਾਸਲ ਕਰਕੇ ਲਾਭ ਲੈ ਰਹੇ ਹਨ ਅਤੇ ਅਮਰੀਕਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਟਰੰਪ ਨੇ ਕਿਹਾ, 'ਭਾਰਤ ਅਤੇ ਚੀਨ ਕਈ ਸਾਲ ਤੋਂ ਸਾਡਾ ਲਾਭ ਲੈ ਰਹੇ ਹਨ।' ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਡਬਲਯੂ.ਟੀ.ਓ. ਅਮਰੀਕਾ ਨਾਲ ਨਿਰਪੱਖ ਵਿਵਹਾਰ ਕਰੇਗਾ।


Related News