ਉਪਾਵਾਂ ਦੇ ਬਾਵਜੂਦ ਅਜੇ ਹੋਰ ਡਿੱਗ ਸਕਦਾ ਹੈ ਰੁਪਿਆ
Monday, Jul 11, 2022 - 10:57 AM (IST)
ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ ਇਤਿਹਾਸਕ ਤੌਰ ’ਤੇ ਕਮਜ਼ੋਰ ਹੋਇਆ ਹੈ ਪਰ ਅਸਥਿਰਤਾ ਦੇ ਦੌਰ ਕਦੀ ਵੀ ਖਤਰੇ ਦੀ ਘੰਟੀ ਵਜਾਉਣ ’ਚ ਅਸਫਲ ਨਹੀਂ ਹੁੰਦੇ। ਇਸ ਵਾਰ ਉਹ ਵਿਸ਼ੇਸ਼ ਤੌਰ ’ਤੇ ਜ਼ੋਰਦਾਰ ਹਨ। 6 ਜੁਲਾਈ ਨੂੰ ਰੁਪਿਆ 79.3 ਪ੍ਰਤੀ ਡਾਲਰ ਤੱਕ ਡਿੱਗ ਗਿਆ, ਇਸ ਵਿੱਤੀ ਸਾਲ ’ਚ ਹੁਣ ਤੱਕ ਇਸ ’ਚ 5 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਘਟਦੇ ਮੁੱਲ ਦੀ ਰਫਤਾਰ, ਜੋ ਚਿੰਤਾ ਦਾ ਇਕ ਪ੍ਰਮੁੱਖ ਿਵਸ਼ਾ ਹੈ, ਨੀਤੀਗਤ ਕਾਰਵਾਈ ਦੇ ਸਮੇਂ ਅਤੇ ਕੁਦਰਤ ਦੇ ਨਾਲ-ਨਾਲ ਅਰਥਵਿਵਸਥਾ ਦੀਆਂ ਕਮਜ਼ੋਰੀਆਂ ਦੀ ਹੱਦ ਅਤੇ ਇਸ ਦੇ ਸਾਹਮਣੇ ਆਉਣ ਵਾਲੇ ਬਾਹਰੀ ਝਟਕੇ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ।
ਬਾਹਰੀ ਕਮਜ਼ੋਰੀ ਮੁੱਖ ਤੌਰ ’ਤੇ ਸਾਡੇ ਚਾਲੂ ਖਾਤਾ ਘਾਟੇ (ਸੀ. ਏ. ਡੀ. ਜਾਂ ਕੈਡ), ਥੋੜ੍ਹਚਿਰਾ ਵਿਦੇਸ਼ੀ ਕਰਜ਼ ਅਤੇ ਵਿਦੇਸ਼ੀ ਮੁਦਰਾ ਕਵਰ ਦੇ ਆਕਾਰ ਨਾਲ ਮਾਪੀ ਜਾਂਦੀ ਹੈ। ਇਕ ‘ਝਟਕਾ’ ਪ੍ਰਣਾਲੀਗਤ ਤੌਰ ’ਤੇ ਮਹੱਤਵਪੂਰਨ ਕੇਂਦਰੀ ਬੈਂਕਾਂ ਰਾਹੀਂ ਵਿਆਜ ਦਰਾਂ ’ਚ ਤੇਜ਼ ਵਾਧੇ ਦਾ ਰੂਪ ਲੈ ਸਕਦਾ ਹੈ ਜਿਵੇਂ ਕਿ ਯੂ. ਐੱਸ. ਫੈਡਰਲ ਰਿਜ਼ਰਵ, ਭੂ-ਸਿਆਸੀ ਵਿਕਾਸ, ਤੇਲ ਦੀ ਕੀਮਤ ’ਚ ਉਤਰਾਅ-ਚੜ੍ਹਾਅ ਜਾਂ ਇਕ ਵਿੱਤੀ ਸੰਕਟ, ਇਹ ਸਾਰੇ ਇਕ ਜੋਖਮ ਬੰਦ ਦ੍ਰਿਸ਼ ਬਣਾਉਂਦੇ ਹਨ, ਜਿਸ ਦੇ ਕਾਰਨ ਉਭਰਦੇ ਬਾਜ਼ਾਰਾਂ ’ਚੋਂ ਪੂੰਜੀ ਉਡਾਣ (ਅਤੇ ਮੁਦਰਾ ’ਚ ਅਸਥਿਰਤਾ) ਹੁੰਦੀ ਹੈ। ਪਿਛਲੇ 2 ਦਹਾਕਿਆਂ ’ਚ ਅਸੀਂ 3 ਵੱਡੇ ਝਟਕੇ ਦੇਖੇ ਹਨ-2008 ਦਾ ਵਿਸ਼ਵ ਪੱਧਰੀ ਸੰਕਟ (ਜੀ. ਐੱਫ. ਸੀ.), 2013 ਦਾ ‘ਟੇਪਰ ਟੈਂਟ੍ਰਮ’ ਅਤੇ ਮੌਜੂਦਾ ਸਮੇਂ ’ਚ ਚੱਲ ਰਹੀ ਵੱਧ ਔਖੀ ਵਿਸ਼ਵ ਪੱਧਰੀ ਉਥਲ-ਪੁਥਲ। ਇਨ੍ਹਾਂ ’ਚੋਂ ਹਰੇਕ ਘਟਨਾ ’ਚ ਕਮਜ਼ੋਰੀ-ਸਦਮੇ ਦੀ ਰੂਪਰੇਖਾ ਸਾਨੂੰ ਕੀ ਦੱਸਦੀ ਹੈ?
ਜੀ. ਐੱਫ. ਸੀ. ਦੇ ਦੌਰਾਨ, ਭਾਰਤੀ ਅਰਥਵਿਵਸਥਾ ਘੱਟ ਕਮਜ਼ੋਰ ਸੀ। ਇਸ ਤੋਂ 4 ਸਾਲ ਪਹਿਲਾਂ, ਭਾਰਤ ’ਚ 7.9 ਫੀਸਦੀ ਦੀ ਔਸਤ ਨਾਲ ਮਜ਼ਬੂਤ ਆਰਥਿਕ ਵਾਧਾ ਹੋਇਆ ਸੀ। ਇਕ ਸਾਲ ਪਹਿਲਾਂ ਦੀ ਮਿਆਦ (ਵਿੱਤੀ ਸਾਲ 2007-2008) ’ਚ ਸਾਡੇ ਕੋਲ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1.3 ਫੀਸਦੀ ਦਾ ਘੱਟ ਕੈਡ ਸੀ, ਬੇਸ਼ੱਕ ਹੀ ਮੁਦਰਾਸਫੀਤੀ ਕੁਝ ਹੱਦ ਤੱਕ 6.2 ਫੀਸਦੀ ਤੱਕ ਉੱਚੀ ਸੀ ਪਰ ਵੱਡੇ ਝਟਕੇ ਨੂੰ ਦੇਖਦੇ ਹੋਏ 2008-2009 ’ਚ ਰੁਪਏ ’ਚ ਔਸਤਨ 14 ਫੀਸਦੀ ਦੀ ਗਿਰਾਵਟ ਆਈ। ਇਸ ਦੇ ਉਲਟ, ਟੇਪਰ ਟੈਂਟ੍ਰਮ ਦੌਰਾਨ ਭਾਰਤ ਦੀ ਘਰੇਲੂ ਕਮਜ਼ੋਰੀ ਬੜੀ ਵੱਧ ਸੀ, ਜਦੋਂ ਫੈਡ ਦੇ ਆਪਣੀ ਜਾਇਦਾਦ ਦੀ ਖਰੀਦ ਨੂੰ ਘੱਟ ਕਰਨ ਦੇ ਸਿਰਫ ਸੰਕੇਤ ਨਾਲ ਰੁਪਏ ’ਤੇ ਚੜ੍ਹਾਈ ਸ਼ੁਰੂ ਕੀਤੀ। ਮੁਦਰਾਸਫੀਤੀ ਵਧ ਰਹੀ ਸੀ (2013-14 ’ਚ 9.3 ਫੀਸਦੀ), ਦਰਾਮਦ ਕਵਰ ਘੱਟ ਸੀ ਅਤੇ ਕੈਡ ਇਕ ਸਾਲ ਪਹਿਲਾਂ ਦੀ ਮਿਆਦ ’ਚ ਕੁਲ ਘਰੇਲੂ ਉਤਪਾਦ ਦੇ 4.8 ਫੀਸਦੀ ਦੇ ਉੱਚ ਪੱਧਰ ਨੂੰ ਛੂਹ ਗਿਆ, ਜਿਸ ਨਾਲ ਭਾਰਤ ਅਰਥਵਿਵਸਥਾਵਾਂ ਦੇ ‘ਕਮਜ਼ੋਰ ਪੰਜ’ ਸਮੂਹ ਦਾ ਹਿੱਸਾ ਬਣ ਗਿਆ। ਡਾਲਰ ਸੂਚਕਅੰਕ ’ਚ ਮਜ਼ਬੂਤੀ ਦੇ ਨਾਲ, ਇਹ 2013-14 ’ਚ ਰੁਪਿਆ-ਡਾਲਰ ਵਟਾਂਦਰਾ ਦਰ ’ਚ 11.1 ਫੀਸਦੀ ਦੀ ਗਿਰਾਵਟ ਦਾ ਕਾਰਨ ਬਣਿਆ।
ਕਈ ਦਹਾਕਿਆਂ ਦੀ ਉੱਚ ਮੁਦਰਾਸਫੀਤੀ ਨਾਲ ਨਜਿੱਠਣ ਲਈ ਫੈਡ ਦੇ ਹਮਲਾਵਰ ਦਰ ਵਾਧੇ ਨੇ ਅਮਰੀਕਾ ਅਤੇ ਭਾਰਤ ਵਰਗੇ ਉਭਰਦੇ ਬਾਜ਼ਾਰਾਂ ਦਰਮਿਆਨ ਵਿਆਜ ਫਰਕ ਨੂੰ ਘੱਟ ਕਰ ਿਦੱਤਾ ਜਿਸ ਨਾਲ ਵਿਦੇਸ਼ੀ ਫੰਡ ਦਾ ਨਿਰਵਾਹ ਹੋਇਆ ਹੈ। ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉਪਰ ਅਸਥਿਰ ਬਣੀਆਂ ਹੋਈਆਂ ਹਨ, ਜੋ ਦਰਾਮਦ ਬਿੱਲ ’ਚ ਵਧਦੇ ਅਤੇ ਭਾਰਤ ’ਚ ਮੁਦਰਾਸਫੀਤੀ ਦਾ ਕਾਰਨ ਬਣੀਆਂ ਹਨ। ਇਸ ’ਤੇ ਰੂਸ-ਯੂਕ੍ਰੇਨ ਸੰਕਟ ਦਰਮਿਆਨ ਭੂ-ਸਿਆਸੀ ਬਦਲ, ਪਾਬੰਦੀ ਅਤੇ ਕਮੋਡਿਟੀ ਦੀ ਕੀਮਤ ’ਚ ਉਤਰਾਅ-ਚੜ੍ਹਾਅ ਵਪਾਰ ਅਤੇ ਸਪਲਾਈ ਲੜੀ ਦੀ ਸਰਗਰਮੀ ਨੂੰ ਬਦਲ ਰਹੀਆਂ ਹਨ।
ਕਮਜ਼ੋਰੀ ਦੇ ਮੋਰਚੇ ’ਤੇ, ਭਾਰਤ ਟੇਪਰ ਟੈਂਟ੍ਰਮ ਦੌਰਾਨ ਦੀ ਤੁਲਨਾ ’ਚ ਥੋੜ੍ਹਾ ਬਿਹਤਰ ਹੈ। ਅਰਥਵਿਵਸਥਾ ਕੋਵਿਡ ਤੋਂ ਉਭਰ ਰਹੀ ਹੈ, ਸਾਡੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਦਰਾਮਦ ਕਵਰ ਆਸ ਅਨੁਸਾਰ ਸਹਿਜ ਹਨ, ਬਾਹਰੀ ਕਰਜ਼ ਘੱਟ ਹੈ ਅਤੇ ਕੈਡ ਪਿਛਲੇ ਵਿੱਤੀ ਵਰ੍ਹੇ ’ਚ ਜੀ. ਡੀ. ਪੀ. ਦਾ 1.2 ਫੀਸਦੀ ਸੀ। ਇਸ ਲਈ ਵਿਸ਼ਵ ਪੱਧਰੀ ਝਟਕੇ ਦੀ ਪ੍ਰਮੁੱਖਤਾ ਅਤੇ ਆਕਾਰ ਦੇ ਬਾਵਜੂਦ ਸੰਕਟ ਪ੍ਰਤੀ ਸਾਡੀ ਘੱਟ ਕਮਜ਼ੋਰੀ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਦਖਲ ਨੇ ਸਾਡੀ ਮੁਦਰਾ ਦੇ ਤੇਜ਼ ਮੁੱਲ ਨੂੰ ਘਟਣ ਤੋਂ ਰੋਕ ਿਦੱਤਾ ਹੈ।
ਭਾਰਤ ਦਾ ਕੈਡ 2022-23 ’ਚ ਕੁਲ ਘਰੇਲੂ ਉਤਪਾਦ ਦੇ ਦੁੱਗਣੇ ਤੋਂ ਵੱਧ 3 ਫੀਸਦੀ ਤੋਂ ਵੱਧ ਹੋਣ ਦੀ ਆਸ ਹੈ, ਅਸਥਿਰ ਦਰਾਮਦ ਦਰਮਿਆਨ ਕੱਚੇ ਤੇਲ ਦੀਆਂ ਉੱਚ ਕੀਮਤਾਂ, ਸੋਨੇ ਦੀ ਦਰਾਮਦ ’ਚ ਤੇਜ਼ੀ ਅਤੇ ਬਰਾਮਦ ’ਤੇ ਵਿਸ਼ਵ ਪੱਧਰੀ ਅਸਰ ਦੇ ਕਾਰਨ।
ਚਾਲੂ ਖਾਤੇ ਅਤੇ ਰੁਪਏ ’ਤੇ ਦਬਾਅ ਘੱਟ ਕਰਨ ਲਈ ਭਾਰਤ ਸਰਕਾਰ ਨੇ ਹਾਲ ਹੀ ’ਚ ਆਪਣੀ ਦਰਾਮਦ ਦੀ ਘਰੇਲੂ ਮੰਗ ਨੂੰ ਘੱਟ ਕਰਨ ਲਈ ਸੋਨੇ ’ਤੇ ਹਾਈ ਕਸਟਮ ਡਿਊਟੀ ਦਾ ਐਲਾਨ ਕੀਤਾ। ਇਹ 2013 ’ਚ ਕੀਤੀ ਗਈ ਕਾਰਵਾਈ ਦੀ ਯਾਦ ਦਿਵਾਉਂਦਾ ਹੈ। ਮੁਦਰਾ ਨੀਤੀ ’ਚ ਵੀ ਦਖਲ ਿਦੱਤਾ ਗਿਆ ਹੈ। ਆਰ. ਬੀ. ਆਈ. ਨੇ ਮੁਦਰਾਸਫੀਤੀ ਨਾਲ ਨਜਿੱਠਣ ਲਈ ਵਿਆਜ ਦਰਾਂ ’ਚ ਵਾਧਾ ਕੀਤਾ ਹੈ, ਜਿਸ ਨਾਲ ਉਸ ਰਫਤਾਰ ਨੂੰ ਮੱਠੀ ਕਰਨ ’ਚ ਮਦਦ ਮਿਲਣੀ ਚਾਹੀਦੀ ਹੈ ਜਿਸ ’ਤੇ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਵਿਆਜ ਦਰ ਫਰਕ ਘੱਟ ਹੋ ਰਿਹਾ ਸੀ। ਇਹ ਰੁਪਏ ਨੂੰ ਸਮਰਥਨ ਦੇਣ ਲਈ ਹਾਜ਼ਰ ਅਤੇ ਵਾਧਾ ਬਾਜ਼ਾਰਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ।
ਵਿਆਜ ਦਰ ਪ੍ਰਣਾਲੀ ਅਤੇ ਪ੍ਰਤੱਖ ਮੁਦਰਾ ਬਾਜ਼ਾਰ ਦੇ ਦਖਲ ਦੇ ਇਲਾਵਾ ਆਰ. ਬੀ. ਆਈ. ਨੇ ਬੀਤੇ ਬੁੱਧਵਾਰ ਨੂੰ ਵਿਦੇਸ਼ੀ ਨਿਵੇਸ਼ਕ ਫੰਡ ਆਕਰਸ਼ਿਤ ਕਰਨ, ਵਿਧਾਨਕ ਰਾਖਵੀਆਂ ਲੋੜਾਂ ਨਾਲ ਵਿਦੇਸ਼ੀ ਮੁਦਰਾ ਜਮ੍ਹਾ ਨੂੰ ਛੋਟ ਦੇਣ, ਭੇਜਣ ਦੀਆਂ ਵਿਵਸਥਾਵਾਂ ਨੂੰ ਸੌਖਾ ਬਣਉਣ, ਸਰਕਾਰੀ ਸਕਿਓਰਿਟੀਜ਼ ’ਚ ਵੱਧ ਥੋੜ੍ਹਚਿਰੀ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਦੀ ਇਜਾਜ਼ਤ ਦੇਣ ਅਤੇ ਬਾਹਮ ਵਪਾਰਕ ਉਧਾਰ ਲਈ ਨਿਵੇਸ਼ ਹੱਦ ਵਧਾਉਣ ਦੇ ਉਪਾਵਾਂ ਦਾ ਐਲਾਨ ਕੀਤਾ। ਇਨ੍ਹਾਂ ਤਬਦੀਲੀਆਂ ਦਾ ਮਕਸਦ ਸਾਡੀ ਡਾਲਰ ਦੀ ਸਪਲਾਈ ’ਚ ਸੁਧਾਰ ਕਰਨਾ ਹੈ।
ਇਹ ਅਜਿਹੇ ਸਮੇਂ ’ਚ ਹੈ ਜਦੋਂ ਆਰ. ਬੀ. ਆਈ. ਦੇ ਪ੍ਰਤੱਖ ਬਾਜ਼ਾਰ ਦਖਲ ਨੇ ਇਸ ਦੇ ਵੱਡੇ ਵਿਦੇਸ਼ੀ ਮੁਦਰਾ ਬਫਰ (25 ਫਰਵਰੀ ਨੂੰ 631.5 ਅਰਬ ਡਾਲਰ ਤੋਂ 24 ਜੂਨ ਨੂੰ 593.3 ਅਰਬ ਡਾਲਰ) ਦੇ ਇਕ ਹਿੱਸੇ ਨੂੰ ਉਡਾ ਦਿੱਤਾ ਹੈ। ਤੇਜ਼ ਮੁੱਲ ਦੇ ਘਟਣ ਦੇ ਪਿਛਲੇ 2 ਘਟਨਾਕ੍ਰਮ ਸਾਨੂੰ ਦੱਸਦੇ ਹਨ ਕਿ ਜਿੱਥੇ ਰੁਪਏ ਨੇ ਆਪਣੇ ਲੰਬੇ ਸਮੇਂ ਦੇ ਰੁਝਾਨ ’ਚ ਡਾਲਰ ਦੀ ਤੁਲਨਾ ’ਚ ਹੇਠਾਂ ਗੋਤਾ ਲਾਇਆ, ਉੱਥੇ ਹੀ ਜੋਖਮ ਘੱਟ ਹੋਣ ਦੇ ਬਾਅਦ ਇਸ ’ਚ ਸੁਧਾਰ ਵੀ ਹੋਇਆ। ਹਾਲਾਂਕਿ, ਅੱਜ ਦੀ ਸਥਿਤੀ ਕਿਤੇ ਵੱਧ ਔਖੀ ਹੈ। ਜਦੋਂ ਤੱਕ ਅੰਤਰਨਿਹਿਤ ਕਾਰਕ ਸਥਿਰ ਨਹੀਂ ਹੋ ਜਾਂਦੇ ਉਦੋਂ ਤੱਕ ਹੋਰ ਅਸਥਿਰਤਾ ਅਤੇ ਮੁੱਲ ਦੇ ਘਟਣ ਦੀ ਆਸ ਕੀਤੀ ਜਾ ਸਕਦੀ ਹੈ।
ਧਰਮਕੀਰਤੀ ਜੋਸ਼ੀ, ਅਮ੍ਰਿਤਾ ਘਰੇ