ਖਾਣ ਵਾਲੀਆਂ ਵਸਤਾਂ ’ਤੇ GST ਖਿਲਾਫ ਵਪਾਰੀਆਂ ਦਾ ਪ੍ਰਦਰਸ਼ਨ, ਅਨਾਜ ਮੰਡੀਆਂ ਰਹੀਆਂ ਬੰਦ

Sunday, Jul 17, 2022 - 05:34 PM (IST)

ਖਾਣ ਵਾਲੀਆਂ ਵਸਤਾਂ ’ਤੇ GST ਖਿਲਾਫ ਵਪਾਰੀਆਂ ਦਾ ਪ੍ਰਦਰਸ਼ਨ, ਅਨਾਜ ਮੰਡੀਆਂ ਰਹੀਆਂ ਬੰਦ

ਨਵੀਂ ਦਿੱਲੀ (ਭਾਸ਼ਾ) – ਦਿੱਲੀ ’ਚ ਥੋਕ ਅਤੇ ਪ੍ਰਚੂਨ ਅਨਾਜ ਮੰਡੀਆਂ ਸ਼ਨੀਵਾਰ ਨੂੰ ਬੰਦ ਰਹੀਆਂ। ਜੀ. ਐੱਸ. ਟੀ. ਪਰਿਸ਼ਦ ਵਲੋਂ ਪਹਿਲਾਂ ਤੋਂ ਪੈਕ ਅਤੇ ਲੇਬਲ ਲੱਗੇ ਖਾਣ ਵਾਲੇ ਪਦਾਰਥਾਂ ’ਤੇ 5 ਫੀਸਦੀ ਜੀ. ਐੱਸ. ਟੀ. ਲਗਾਉਮ ਦੇ ਫੈਸਲੇ ਖਿਲਾਫ ਵਪਾਰੀਆਂ ਨੇ ਬੰਦ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਨਰੇਲਾ, ਬਵਾਨਾ ਅਤੇ ਸ਼ਹਿਰ ਦੇ ਹੋਰ ਹਿੱਸਿਆਂ ’ਚ ਥੋਕ ਅਨਾਜ ਮੰਡੀਆਂ ’ਚ ਸੰਨਾਟਾ ਪਸਰਿਆ ਰਿਹਾ। ਸ਼ਹਿਰ ਦੀਆਂ ਕਈ ਪ੍ਰਚੂਨ ਅਨਾਜ ਮੰਡੀਆਂ ਵੀ ਬੰਦ ਰਹੀਆਂ।

ਦਿੱਲੀ ਅਨਾਜ ਵਪਾਰੀ ਸੰਘਟ ਦੇ ਮੁਖੀ ਨਰੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਬਿਨਾਂ ਬ੍ਰਾਂਡ ਵਾਲੇ ਖਾਣ ਵਾਲੇ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਤਹਿਤ ਲਿਆਂਦਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਕਿ ਇਹ ਫੈਸਲਾ ਆਮ ਜਨਤਾ ਅਤੇ ਵਪਾਰੀਆਂ ਦੇ ਪੱਖ ’ਚ ਨਹੀਂ ਹੈ। ਗੁਪਤਾ ਨੇ ਦੱਸਿਆ ਕਿ ਅਸੀਂ ਇਸ ਫੈਸਲੇ ਦੇ ਖਿਲਾਫ ਹਾਂ। ਇਸ ਕਦਮ ਦੇ ਵਿਰੋਧ ’ਚ ਅਸੀਂ ਸ਼ਨੀਵਾਰ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਅਨਾਜ ਨਾਲ ਸਬੰਧਤ ਸਾਰੀਆਂ ਦੁਕਾਨਾਂ ਬੰਦ ਹਨ। ਅਸੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਖਾਣ ਵਾਲੇ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ। ਇਸ ਫੈਸਲੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਨੀਵਾਰ ਦੀ ਹੜਤਾਲ ਪ੍ਰਤੀਕਾਤਮਕ ਸੀ ਅਤੇ ਭਵਿੱਖ ਦੀ ਰਣਨੀਤੀ ’ਤੇ ਕੋਈ ਵੀ ਫੈਸਲਾ ਬਾਅਦ ’ਚ ਲਿਆ ਜਾਵੇਗਾ। ਇਸ ਦਰਮਿਆਨ ਮਹਾਰਾਸ਼ਟਰ ਦੇ ਨਵੀਂ ਮੁੰਬਈ ’ਚ ਏ. ਪੀ. ਐੱਮ. ਸੀ. ਬਾਜ਼ਾਰ ਦੇ ਵਪਾਰੀਆਂ ਨੇ ਵੀ ਬੰਦ ਰੱਖਿਆ। ਜੰਮੂ ’ਚ ਵਪਾਰੀਆਂ ਨੇ ਜੀ. ਐੱਸ. ਟੀ. ਪਰਿਸ਼ਦ ਦੇ ਫੈਸਲੇ ਖਿਲਾਫ ਵਿਰੋਧ ਮਾਰਚ ਕੱਢਿਆ।


author

Harinder Kaur

Content Editor

Related News