ਵਧਦੀ ਮਹਿੰਗਾਈ ਕਾਰਨ ‘ਹੇਜਿੰਗ’ ਲਈ ਵਧ ਸਕਦੀ ਹੈ ਸੋਨੇ ਦੀ ਮੰਗ

05/17/2022 3:11:23 PM

ਮੁੰਬਈ (ਭਾਸ਼ਾ) – ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਦਾ ਅਨੁਮਾਨ ਹੈ ਕਿ ਕੀਮਤਾਂ ’ਚ ਵਾਧਾ ਅਤੇ ਪਿਛਲੇ ਵਿੱਤੀ ਸਾਲ ’ਚ ਰਿਕਾਰਡ ਦਰਾਮਦ ਕਾਰਨ ਸੋਨੇ ਦੀ ਖਪਤਕਾਰ ਮੰਗ ’ਚ ਗਿਰਾਵਟ ਆ ਸਕਦੀ ਹੈ। ਡਬਲਯੂ. ਜੀ. ਸੀ. ਦੇ ਇਸ ਅਨੁਮਾਨ ਦਰਮਿਆਨ ਇਕ ਵਿਦੇਸ਼ੀ ਬ੍ਰੋਕਰੇਜ ਕੰਪਨੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਧਦੀ ਮਹਿੰਗਾਈ ਕਾਰਨ ਪਰਿਵਾਰਾਂ ਦੀ ‘ਹੇਜਿੰਗ’ ਲਈ ਸੋਨੇ ਦੀ ਮੰਗ ਵਧ ਸਕਦੀ ਹੈ। ਅਜਿਹੇ ’ਚ ਸੋਨੇ ਦੀ ਮੰਗ ਵਧੇਰੇ ਰਹਿਣ ਦੀ ਸੰਭਾਵਨਾ ਹੈ।

ਹੇਜਿੰਗ ਤੋਂ ਮਤਲਬ ਜੋਖਮ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਨਿਵੇਸ਼ ਤੋਂ ਹੈ। ਪਿਛਲੇ ਮਹੀਨੇ ਸਰਕਾਰੀ ਅੰਕੜਿਆਂ ’ਚ ਦਰਸਾਇਆ ਗਿਆ ਹੈ ਕਿ ਵਿੱਤੀ ਸਾਲ 2021-22 ’ਚ ਸੋਨੇ ਦੀ ਦਰਾਮਦ 33.34 ਫੀਸਦੀ ਵਧ ਕੇ 837 ਟਨ ਜਾਂ 46.14 ਅਰਬ ਡਾਲਰ ਹੋ ਗਈ ਜੋ ਵਿੱਤੀ ਸਾਲ 2020-21 ’ਚ ਮਹਾਮਾਰੀ ਕਾਰਨ ਦਰਾਮਦ ਦੇ ਹੇਠਲੇ ਪੱਧਰ ਤੋਂ 1.5 ਗੁਣਾ ਵੱਧ ਅਤੇ ਵਿੱਤੀ ਸਾਲ 2016-20 ਦੇ ਮਹਾਮਾਰੀ ਤੋਂ ਪਹਿਲਾਂ ਦੇ ਔਸਤ ਤੋਂ 12 ਫੀਸਦੀ ਵੱਧ ਹੈ। ਇਸ ਨਾਲ ਚਾਲੂ ਖਾਤੇ ਦਾ ਘਾਟਾ ਵਧਿਆ ਹੈ ਅਤੇ ਇਸ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 3 ਫੀਸਦੀ ’ਤੇ ਪਹੁੰਚਣ ਦਾ ਅਨੁਮਾਨ ਹੈ।

ਮਹਾਮਾਰੀ ਤੋਂ ਪ੍ਰਭਾਵਿਤ ਵਿੱਤੀ ਸਾਲ 2020-21 ’ਚ ਦਰਾਮਦ ਸਿਰਫ 34.62 ਅਰਬ ਡਾਲਰ ਸੀ। ਵਿੱਤੀ ਸਾਲ 2012-13 ’ਚ ਰਿਕਾਰਡ 54 ਅਰਬ ਡਾਲਰ ਦੀ ਦਰਾਮਦ ਤੋਂ ਬਾਅਦ ਸੋਨੇ ਦੀ ਭਾਰਤ ਆਉਣ ਵਾਲੀ ਖੇਪ ਘੱਟ ਹੁੰਦੀ ਰਹੀ ਹੈ ਅਤੇ ਵਿੱਤੀ ਸਾਲ 2019-20 ’ਚ ਇਹ 28 ਅਰਬ ਡਾਲਰ ਤੱਕ ਡਿਗ ਗਿਆ। ਪਰ ਉਸ ਤੋਂ ਬਾਅਦ ਦਰਾਮਦ ਮੁੜ ਵਧਣੀ ਸ਼ੁਰੂ ਹੋਈ ਹੈ ਅਤੇ ਵਿੱਤੀ ਸਾਲ 2020-21 ’ਚ 25 ਅਰਬ ਡਾਲਰ ਅਤੇ ਅੱਗੇ ਜਾ ਕੇ ਵਿੱਤੀ ਸਾਲ 2021-22 ’ਚ 46 ਅਰਬ ਡਾਲਰ ਤੋਂ ਵੱਧ ਹੋ ਗਈ।


Harinder Kaur

Content Editor

Related News