ਦਿੱਲੀ ਸਰਕਾਰ ਦਾ 65,000 ਕਰੋੜ ਦਾ ਬਜਟ ਪੇਸ਼, ਇਕ ਹੀ ਦਿਨ 'ਚ ਹੋਇਆ ਪਾਸ
Monday, Mar 23, 2020 - 05:53 PM (IST)
ਨਵੀਂ ਦਿੱਲੀ — ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਦੇ ਖਤਰੇ ਵਿਚਕਾਰ ਦਿੱਲੀ ਵਿਧਾਨ ਸਭਾ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦੀ ਸਰਕਾਰ ਦਾ 65,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤੇ ਜਾਣ ਦੇ ਨਾਲ ਹੀ ਇਸ ਨੂੰ ਪਾਸ ਕਰਨ ਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ। ਵਿਧਾਨ ਸਭਾ ਦਾ ਬਜਟ ਸੈਸ਼ਨ ਲਗਭਗ 90 ਮਿੰਟ ਦੀ ਬੈਠਕ ਤੋਂ ਬਾਅਦ ਸਮਾਪਤ ਹੋਇਆ। ਕੋਰੋਨਾ ਵਾਇਰਸ ਮਹਾਮਾਰੀ ਰੋਕਣ ਲਈ 31 ਮਾਰਚ ਤੱਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਜ਼ਾਰ, ਫੈਕਟਰੀਆਂ, ਦਫਤਰਾਂ ਅਤੇ ਟ੍ਰਾਂਸਪੋਰਟ ਸੇਵਾਵਾਂ ਦੇ ਲਗਭਗ ਬੰਦ ਹੋਣ ਵਿਚਕਾਰ ਇਹ ਬਜਟ ਪੇਸ਼ ਕੀਤਾ ਗਿਆ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ 2020-21 ਲਈ 65,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਆਮ ਆਦਮੀ ਪਾਰਟੀ ਦੇ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਵਿਚ ਭਾਰੀ ਜਿੱਤ ਤੋਂ ਬਾਅਦ ਸੱਤਾ ਵਿਚ ਆਉਣ ਤੋਂ ਬਾਅਦ ਇਹ ਉਸ ਦਾ ਪਹਿਲਾ ਬਜਟ ਹੈ। ਬਜਟ ਪੇਸ਼ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਦਿੱਲੀ 'ਚ ਪ੍ਰਤੀ ਵਿਅਕਤੀ ਆਮਦਨ ਵਿਚ 44 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਬਜਟ ਵਿਚ ਸਿੱਖਿਆ ਅਤੇ ਸਿਹਤ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਦੋਵੇਂ ਖੇਤਰ ਕੇਜਰੀਵਾਲ ਦੇ ਵਿਕਾਸ ਮਾਡਲ ਵਿਚ ਸਭ ਤੋਂ ਉੱਪਰ ਹਨ। ਬਜਟ ਪੇਸ਼ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਹਰ ਸਕੂਲ ਵਿਚ ਡਿਜੀਟਲ ਕਲਾਸਰੂਮ ਸਥਾਪਤ ਕੀਤੇ ਜਾਣਗੇ। ਇਸ ਦੇ ਲਈ ਬਜਟ ਵਿਚ 100 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਬਜਟ ਵਿਚ ਅਗਲੇ ਵਿੱਤੀ ਵਰ੍ਹੇ ਵਿਚ ਸਿਹਤ ਖੇਤਰ ਲਈ ਕੁੱਲ 7,704 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ 2020-21 ਦੇ ਬਜਟ ਵਿਚ 50 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ ਇਕ ਘੰਟੇ 'ਚ ਨਿਵੇਸ਼ਕਾਂ ਦੇ 10 ਲੱਖ ਕਰੋੜ ਸੁਆਹ