ਵਪਾਰੀਆਂ ਦਾ ਦੀਵਾਲੀ ਦਾ ਉਤਸ਼ਾਹ ਪਿਆ ਠੰਡਾ, ਰੋਕ ਲੱਗਣ ਕਾਰਨ ਮੁਫ਼ਤ 'ਚ ਪਟਾਕੇ ਵੰਡਣ ਦਾ ਐਲਾਨ

Wednesday, Nov 11, 2020 - 10:20 AM (IST)

ਨਵੀਂ ਦਿੱਲੀ (ਭਾਸ਼ਾ) : ਦਿੱਲੀ 'ਚ ਪਟਾਕੇ ਚਲਾਉਣ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਤੋਂ ਬਾਅਦ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਦੀਵਾਲੀ ਧੂੰਆਂ ਹੋ ਗਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੱਖਾਂ ਰੁਪਏ ਦੇ ਪਟਾਕਿਆਂ ਦਾ ਸਟਾਕ ਦੀਵਾਲੀ ਲਈ ਰੱਖਿਆ ਸੀ, ਹੁਣ ਇਸ 'ਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ। ਦਿੱਲੀ ਦੇ ਜਾਮਾ ਮਸਜਿਦ ਅਤੇ ਸਦਰ ਬਾਜ਼ਾਰ ਖੇਤਰ ਦੇ ਪਟਾਕਾ ਵਪਾਰੀਆਂ ਨੂੰ ਇਸ ਵਾਰ ਦੀਵਾਲੀ 'ਚ ਚੰਗੀ ਕਮਾਈ ਦੀ ਉਮੀਦ ਸੀ। ਉਨ੍ਹਾਂ ਨੇ ਦੀਵਾਲੀ, ਛਠ ਪੂਜਾ, ਗੁਰੂ ਪੁੰਨਿਆ ਅਤੇ ਆਉਣ ਵਾਲੇ ਵਿਆਹਾਂ ਦੇ ਮੌਸਮ ਲਈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ।

ਜਾਮਾ ਮਸਜਿਦ ਦੇ ਇਕ ਪਟਾਕਾ ਵਪਾਰੀ ਨੇ ਕਿਹਾ ਕਿ ਪੁਲਸ ਨੇ ਸਾਨੂੰ ਦੁਕਾਨਾਂ ਖੋਲ੍ਹਣ ਤੋਂ ਰੋਕ ਦਿੱਤਾ ਹੈ। ਅਸੀਂ ਸੈਂਕੜੇ ਕਿਲੋ ਪਟਾਕੇ ਖਰੀਦ ਕੇ ਰੱਖੇ ਹਨ। ਇਹ ਮੌਸਮ ਵਿਸ਼ੇਸ਼ 'ਚ ਵਿਕਣ ਵਾਲਾ ਉਤਪਾਦ ਹੈ, ਜੇ 1-2 ਮਹੀਨੇ 'ਚ ਇਸ ਨੂੰ ਨਾ ਵੇਚਿਆ ਗਿਆ ਤਾਂ ਇਹ ਬੇਕਾਰ ਹੋ ਜਾਣਗੇ। ਵਪਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ 650 ਕਿਲੋ ਤੱਕ ਪਟਾਕਿਆਂ ਲਈ ਅਸਥਾਈ ਲਾਇਸੰਸ ਜਾਰੀ ਕੀਤੇ ਸਨ। ਹਾਲਾਂਕਿ ਆਮ ਤੌਰ 'ਤੇ ਉਹ ਬਾਜ਼ਾਰ 'ਚ ਮੰਗ ਅਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 400 ਤੋਂ 500 ਕਿਲੋ ਤੱਕ ਦੀ ਪਟਾਕੇ ਖਰੀਦ ਕੇ ਰੱਖਦੇ ਹਨ। ਪਟਾਕੇ ਵੇਚਣ ਦਾ ਸਥਾਈ ਲਾਇਸੰਸ ਰੱਖਣ ਵਾਲੇ ਵਪਾਰੀ 1000 ਕਿਲੋ ਅਤੇ ਇਸ ਤੋਂ ਵੱਧ ਸਟਾਕ ਆਪਣੇ ਕੋਲ ਰੱਖ ਸਕਦੇ ਹਨ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਟਾਕਿਆਂ ਦੇ ਅਸਥਾਈ ਲਾਇਸੰਸ ਲਈ ਕੁਲ 260 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਚੋਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ 138 ਅਰਜ਼ੀਦਾਤਾਵਾਂ ਨੂੰ ਲਾਇਸੰਸ ਜਾਰੀ ਕੀਤੇ ਗਏ।

ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਧਰਨੇ 'ਤੇ ਬੈਠੇ ਪਟਾਕਾ ਵਪਾਰੀ
ਸਦਰ ਬਾਜ਼ਾਰ ਪਟਾਕਾ ਵਿਕ੍ਰੇਤਾ ਸੰਘ ਦੇ ਜਨਰਲ ਸਕੱਤਰ ਹਰਦੀਪ ਛਾਬੜਾ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਆਪਣੇ ਕੋਲ ਰੱਖੇ ਪਟਾਕਿਆਂ ਦੇ ਭੰਡਾਰ ਦਾ ਹੁਣ ਕੀ ਕਰਾਂਗਾ, ਹੋ ਸਕਦਾ ਹੈ ਕਿ ਮੈਂ ਇਸ ਨੂੰ ਲੋਕਾਂ ਦਰਮਿਆਨ ਵੰਡ ਦੇਵਾਂ। ਪਟਾਕਿਆਂ ਦੀ ਵਿਕਰੀ 'ਤੇ ਰੋਕ ਲੱਗੀ ਹੈ, ਉਨ੍ਹਾਂ ਨੂੰ ਵੰਡਣ 'ਤੇ ਤਾਂ ਕੋਈ ਰੋਕ ਨਹੀਂ ਹੈ। ਛਾਬੜਾ ਨੇ ਕਿਹਾ ਕਿ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾਉਣ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪਟਾਕਾ ਵਪਾਰੀ ਸਦਰ ਬਾਜ਼ਾਰ 'ਚ ਧਰਨੇ 'ਤੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਸਮੱਸਿਆ ਦਾ ਹੱਲ ਲੱਭਣ ਲਈ ਬੈਠਕ ਕਰਨ ਦੀ ਵੀ ਯੋਜਨਾ ਬਣਾਈ ਗਈ ਹੈ।

30 ਨਵੰਬਰ ਤੱਕ ਵਿਕਰੀ 'ਤੇ ਰੋਕ
ਦਿੱਲੀ ਸਰਕਾਰ ਨੇ ਸੂਬੇ 'ਚ 30 ਨਵੰਬਰ ਤੱਕ ਪਟਾਕੇ ਚਲਾਉਣ 'ਤੇ ਰੋਕ ਲਗਾ ਦਿੱਤੀ। ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਵਧਦੇ ਪ੍ਰਦੂਸ਼ਣ ਕਾਰਣ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ 'ਚ ਪਟਾਕੇ ਚਲਾਉਣ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਤਿਓਹਾਰੀ ਮੌਸਮ ਅਤੇ ਵਧਦੇ ਪ੍ਰਦੂਸ਼ਣ ਕਾਰਣ ਦਿੱਲੀ 'ਚ ਕੋਵਿਡ-19 ਦੇ ਮਾਮਲੇ ਵਧ ਰਹੇ ਹਨ। ਇਸ ਸਬੰਧੀ ਇਕ ਵਪਾਰੀ ਨੇ ਕਿਹਾ ਕਿ ਜੇ ਸਰਕਾਰ ਦੀ ਯੋਜਨਾ ਪਟਾਕੇ ਚਲਾਉਣ 'ਤੇ ਰੋਕ ਲਗਾਉਣ ਦੀ ਸੀ ਤਾਂ ਉਸ ਨੂੰ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਦੇਣਾ ਚਾਹੀਦਾ ਸੀ ਤਾਂ ਕਿ ਵਪਾਰੀ ਤਿਓਹਾਰੀ ਮੌਸਮ ਲਈ ਪਟਾਕੇ ਖਰੀਦ ਕੇ ਨਾ ਰੱਖਦੇ ਅਤੇ ਸਾਨੂੰ ਲੱਖਾਂ ਰੁਪਏ ਦਾ ਨੁਕਸਾਨ ਨਾ ਉਠਾਉਣਾ ਪੈਂਦਾ।


cherry

Content Editor

Related News