ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ ਲਈ ਉਡਾਣ ਭਰਨ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ

Saturday, Oct 24, 2020 - 10:02 PM (IST)

ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ ਲਈ ਉਡਾਣ ਭਰਨ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ

ਨਵੀਂ ਦਿੱਲੀ— ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਅੰਤਰਰਾਸ਼ਟਰੀ ਯਾਤਰੀ ਹੁਣ ਰਵਾਨਗੀ ਤੋਂ ਠੀਕ ਪਹਿਲਾਂ ਕੋਵਿਡ-19 ਟੈਸਟ ਕਰਵਾ ਸਕਣਗੇ। ਹਵਾਈ ਅੱਡੇ 'ਤੇ ਟੈਸਟਿੰਗ ਲੈਬ ਚਲਾਉਣ ਵਾਲੇ ਜੇਨਸਟ੍ਰਿੰਗਜ਼ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਦਿੱਲੀ ਹਵਾਈ ਅੱਡੇ 'ਤੇ 12 ਸਤੰਬਰ ਤੋਂ ਟੈਸਟਿੰਗ ਸੁਵਿਧਾ ਸ਼ੁਰੂ ਹੋਈ ਸੀ, ਜੋ ਹੁਣ ਤੱਕ ਸਿਰਫ ਇੱਥੇ ਉਤਰਨ ਵਾਲੇ ਕੌਮਾਂਤਰੀ ਮੁਸਾਫ਼ਰਾਂ ਲਈ ਸੀ।

ਜੇਨਸਟ੍ਰਿੰਗਜ਼ ਨੇ ਇਕ ਪ੍ਰੈੱਸ ਰਿਲੀਜ਼ 'ਚ ਕਿਹਾ, ''ਹੁਣ ਇਹ ਸੁਵਿਧਾ ਭਾਰਤ ਤੋਂ ਵਿਦੇਸ਼ ਲਈ ਉਡਾਣ ਭਰਨ ਵਾਲੇ ਮੁਸਾਫ਼ਰਾਂ ਨੂੰ ਵੀ ਮਿਲੇਗੀ। ਖ਼ਾਸਕਰ, ਅੰਤਰਰਾਸ਼ਟਰੀ ਯਾਤਰਾ ਨਿਯਮਾਂ ਤਹਿਤ ਇਕ ਮੁਲਕ ਤੋਂ ਦੂਜੇ ਮੁਲਕ ਜਾਣ ਵਾਲੇ ਮੁਸਾਫ਼ਰਾਂ ਨੂੰ ਕੋਵਿਡ-19 ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੁੰਦੀ ਹੈ।''

ਹੁਣ ਭਾਰਤ ਤੋਂ ਦੂਜੇ ਮੁਲਕਾਂ ਲਈ ਉਡਾਣ ਭਰਨ ਵਾਲੇ ਯਾਤਰੀ ਰਵਾਨਗੀ ਤੋਂ ਠੀਕ ਪਹਿਲਾਂ 2,400 ਰੁਪਏ 'ਚ ਆਰ. ਟੀ.-ਪੀ. ਸੀ. ਆਰ. ਕਰਾ ਸਕਦੇ ਹਨ। ਇਸ ਦੀ ਰਿਪੋਰਟ 4 ਤੋਂ 6 ਘੰਟਿਆਂ 'ਚ ਮਿਲੇਗੀ। ਇਸ ਦਾ ਮਤਲਬ ਹੈ ਕਿ ਮੁਸਾਫ਼ਰਾਂ ਨੂੰ ਉਡਾਣ ਤੋਂ 7 ਤੋਂ 8 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣਾ ਹੋਵੇਗਾ। ਲੈਬ ਦਾ ਕਹਿਣਾ ਹੈ ਕਿ ਇਹ ਟੈਸਟ ਦੀ ਸੁਵਿਧਾ ਹਫਤੇ ਦੇ ਸੱਤੋ ਦਿਨ 24 ਘੰਟੇ ਉਪਲਬਧ ਹੈ।

ਜੇਨੇਸਟ੍ਰਿੰਗਜ਼ ਡਾਇਗਨੋਸਟਿਕ ਸੈਂਟਰ ਦੇ ਡਾਇਰੈਕਟਰ ਰਜਤ ਅਰੋੜਾ ਨੇ ਕਿਹਾ, ''ਕਿਉਂਕਿ ਹੁਣ ਜ਼ਿਆਦਾ ਲੋਕ ਅੰਤਰਰਾਸ਼ਟਰੀ ਯਾਤਰਾ ਕਰ ਰਹੇ ਹਨ, ਇਸ ਲਈ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਨੇ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਵੀ ਜਾਂਚ ਦੀ ਸਹੂਲਤ ਮੁਹੱਈਆ ਕਰਾਉਣ ਦੀ ਜ਼ਰੂਰਤ ਮਹਿਸੂਸ ਕੀਤੀ।'' ਗੌਰਤਲਬ ਹੈ ਕਿ ਕੌਮਾਂਤਰੀ ਉਡਾਣਾਂ 23 ਮਾਰਚ ਤੋਂ ਬੰਦ ਹਨ। ਹਾਲਾਂਕਿ, ਵੰਦੇ ਭਾਰਤ ਮਿਸ਼ਨ ਤਹਿਤ ਮਈ ਤੋਂ ਅਤੇ ਏਅਰ ਬੱਬਲ ਸਮਝੌਤੇ ਤਹਿਤ ਜੁਲਾਈ ਤੋਂ ਵਿਸ਼ੇਸ਼ ਉਡਾਣਾਂ 'ਚ ਯਾਤਰੀ ਸਫਰ ਕਰ ਰਹੇ ਹਨ।


author

Sanjeev

Content Editor

Related News