ਘੱਟ ਹੋ ਰਿਹਾ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਝਟਕੇ ਦਾ ਅਸਰ
Wednesday, Aug 23, 2017 - 02:17 AM (IST)
ਨਵੀਂ ਦਿੱਲੀ-ਹੁਣ ਭਾਰਤੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਸਾਲ ਦੇ ਅੰਤ 'ਚ ਨੋਟਬੰਦੀ ਅਤੇ ਜੀ. ਐੱਸ. ਟੀ. ਦੇ ਝਟਕੇ ਦਾ ਅਸਰ ਘੱਟ ਹੋਣ ਦੇ ਆਸਾਰ ਹਨ। ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ 'ਚ ਅਪ੍ਰੈਲ-ਜੂਨ ਤਿਮਾਹੀ ਦੌਰਾਨ ਮਾਮੂਲੀ ਸੁਧਾਰ ਰਹਿਣ ਦੀ ਉਮੀਦ ਹੈ ਅਤੇ ਇਹ ਜਨਵਰੀ-ਮਾਰਚ ਤਿਮਾਹੀ ਦੇ 6.1 ਫੀਸਦੀ ਦੇ ਮੁਕਾਬਲੇ ਵਧ ਕੇ 6.6 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿੱਤੀ ਸੇਵਾਵਾਂ ਦੇਣ ਵਾਲੀ ਜਾਪਾਨ ਦੀ ਕੰਪਨੀ ਨੋਮੁਰਾ ਨੇ ਇਕ ਰਿਪੋਰਟ 'ਚ ਇਹ ਕਿਹਾ ਹੈ।
ਨੋਮੁਰਾ ਅਨੁਸਾਰ ਜਨਵਰੀ-ਮਾਰਚ ਤਿਮਾਹੀ ਦੌਰਾਨ ਵਾਧਾ ਦਰ 'ਤੇ ਨੋਟਬੰਦੀ ਦਾ ਅਸਰ ਰਿਹਾ ਸੀ। ਦੇਸ਼ 'ਚ ਆਰਥਿਕ ਗਤੀਵਿਧੀਆਂ ਜੀ. ਐੱਸ. ਟੀ. ਦੇ ਕਾਰਨ ਵੀ ਨਰਮ ਪੈ ਗਈਆਂ ਸੀ ਪਰ ਹੁਣ ਇਨ੍ਹਾਂ 'ਚ ਸੁਧਾਰ ਆਉਣ ਲੱਗਾ ਹੈ। ਉਸ ਨੇ ਕਿਹਾ ਕਿ ਜਿੱਥੇ ਖਪਤ ਅਤੇ ਸੇਵਾ ਖੇਤਰ ਦੇ ਸੂਚਕ ਅੰਕ ਖਾਸ ਤੌਰ 'ਤੇ ਟ੍ਰਾਂਸਪੋਰਟ 'ਚ ਜੁਲਾਈ ਦੌਰਾਨ ਤੇਜ਼ੀ ਪਰਤੀ, ਉਥੇ ਹੀ ਉਦਯੋਗ, ਨਿਵੇਸ਼ ਅਤੇ ਖਰੀਦ ਖੇਤਰਾਂ ਦੇ ਅੰਕੜੇ ਕਮਜ਼ੋਰ ਰਹੇ।
ਹਾਲਾਂਕਿ ਮੁੜ ਮੁਦਰੀਕਰਨ ਅਤੇ ਬਿਹਤਰ ਵਿੱਤੀ ਹਾਲਾਤ ਕਾਰਨ ਇਸ ਸਾਲ ਦੇ ਅੰਤ ਤੱਕ ਆਰਥਿਕ ਵਾਧਾ ਦਰ 'ਚ ਸੁਧਾਰ ਦੀ ਸੰਭਾਵਨਾ ਹੈ। ਉਸ ਨੇ ਕਿਹਾ, ''ਜੀ. ਐੱਸ. ਟੀ. ਦੇ ਅਸਰ ਅਤੇ ਸਾਡੇ ਸੂਚਕ ਅੰਕਾਂ ਦੇ ਹਿਸਾਬ ਨਾਲ ਸਾਨੂੰ ਅਪ੍ਰੈਲ-ਜੂਨ ਤਿਮਾਹੀ 'ਚ ਜੀ. ਡੀ. ਪੀ. ਵਾਧਾ ਦਰ ਜਨਵਰੀ-ਮਾਰਚ ਤਿਮਾਹੀ ਦੇ 6.1 ਫੀਸਦੀ ਦੇ ਮੁਕਾਬਲੇ ਮਾਮੂਲੀ ਸੁਧਰ ਕੇ 6.6 ਫੀਸਦੀ ਰਹਿਣ ਦੀ ਉਮੀਦ ਹੈ।''
ਇਸ ਸਾਲ ਦੇ ਅੰਤ 'ਚ ਸਾਨੂੰ ਆਰਥਿਕ ਵਾਧਾ ਦਰ 7.4 ਫੀਸਦੀ 'ਤੇ ਪਹੁੰਚਣ ਦੀ ਉਮੀਦ ਹੈ। ਨੋਮੁਰਾ ਅਨੁਸਾਰ ਜੁਲਾਈ 'ਚ ਸ਼ਹਿਰੀ ਅਤੇ ਪੇਂਡੂ ਖਪਤ ਦੋਵਾਂ 'ਚ ਤੇਜ਼ੀ ਪਰਤੀ ਹੈ। ਡੀਜ਼ਲ ਦੀ ਖਪਤ ਅਤੇ ਖਪਤਕਾਰ ਕਰਜ਼ਾ ਵੀ ਵਧਿਆ ਹੈ ਜੋ ਖਪਤਕਾਰ ਮੰਗ ਸ਼ਾਨਦਾਰ ਰਹਿਣ ਦਾ ਸੂਚਕ ਹੈ। ਹਾਲਾਂਕਿ ਨਿਵੇਸ਼, ਉਦਯੋਗ ਅਤੇ ਬਾਹਰੀ ਮੰਗ 'ਚ ਨਰਮੀ ਰਹੀ। ਕਰੰਸੀ ਨੀਤੀ ਦੇ ਮੁੱਦੇ 'ਤੇ ਨੋਮੁਰਾ ਨੇ ਕਿਹਾ ਕਿ ਇਸ ਮਾਮਲੇ 'ਚ ਕੇਂਦਰੀ ਬੈਂਕ ਦੇ ਠਹਿਰਾਅ ਬਣਾਏ ਰੱਖਣ ਦੀ ਉਮੀਦ ਹੈ।
