ਘਰੇਲੂ ਬਾਜ਼ਾਰਾਂ ''ਚ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ
Wednesday, Sep 11, 2024 - 11:10 AM (IST)
ਮੁੰਬਈ- ਏਸ਼ੀਆਈ ਬਾਜ਼ਾਰਾਂ ਵਿਚ ਕਮਜ਼ੋਰ ਰੁਖ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਾਜ਼ਾਰਾਂ ਵਿਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 111.85 ਅੰਕ ਡਿੱਗ ਕੇ 81,809.44 ਅੰਕ 'ਤੇ ਅਤੇ ਐੱਨਐੱਸਈ ਨਿਫਟੀ 39.2 ਅੰਕ ਡਿੱਗ ਕੇ 25,001.90 'ਤੇ ਖੁੱਲ੍ਹਿਆ। ਸੈਂਸੈਕਸ ਵਿੱਚ ਸੂਚੀਬੱਧ 30 ਕੰਪਨੀਆਂ ਵਿੱਚੋਂ ਟਾਟਾ ਮੋਟਰਜ਼, ਆਈਸੀਆਈਸੀਆਈ ਬੈਂਕ, ਟਾਈਟਨ, ਐੱਚਡੀਐੱਫਸੀ ਬੈਂਕ, ਜੇਐੱਸਡਬਲਯੂ ਸਟੀਲ, ਟੈਕ ਮਹਿੰਦਰਾ, ਅਲਟਰਾਟੈਕ ਸੀਮੈਂਟ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਸਭ ਤੋਂ ਵੱਧ ਗਿਰਾਵਟ ਆਈ।
ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਆਈਟੀਸੀ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਫਾਇਦੇ 'ਚ ਰਹੇ। ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ-225, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਨੁਕਸਾਨ 'ਚ ਰਹੇ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਰੁਖ ਦੇ ਨਾਲ ਬੰਦ ਹੋਏ ਸਨ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.59 ਫੀਸਦੀ ਦੇ ਵਾਧੇ ਨਾਲ 69.60 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫਆਈਆਈ) ਮੰਗਲਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਖਰੀਦਦਾਰ ਸਨ ਅਤੇ ਉਨ੍ਹਾਂ ਨੇ ਸ਼ੁੱਧ ਰੂਪ ਨਾਲ 2,208.23 ਕਰੋੜ ਰੁਪਏ ਦੀ ਕੀਮਤ ਦੇ ਸ਼ੇਅਰ ਖਰੀਦੇ।