ਕਿਸਾਨ ਅੰਦੋਲਨ ਨਾਲ ਰੋਜ਼ਾਨਾ 3,500 ਕਰੋੜ ਰੁਪਏ ਦਾ ਨੁਕਸਾਨ : ਐਸੋਚੇਮ

12/15/2020 6:27:29 PM

ਨਵੀਂ ਦਿੱਲੀ— ਉਦਯੋਗ ਮੰਡਲ ਐਸੋਚੇਮ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੀ ਵਜ੍ਹਾ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਨੂੰ 'ਵੱਡਾ ਨੁਕਸਾਨ' ਪਹੁੰਚ ਰਿਹਾ ਹੈ। ਇਸ ਦੇ ਮੱਦੇਨਜ਼ਰ ਐਸੋਚੇਮ ਨੇ ਕੇਂਦਰ ਅਤੇ ਕਿਸਾਨ ਸੰਗਠਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਖਿੱਚੋਤਾਣ ਜਲਦ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ।


ਉਦਯੋਗ ਮੰਡਲ ਦੇ ਮੋਟੋ-ਮੋਟੇ ਅਨੁਮਾਨ ਮੁਤਾਬਕ, ਕਿਸਾਨਾਂ ਦੇ ਅੰਦੋਲਨ ਦੀ ਵਜ੍ਹਾ ਨਾਲ ਵੈਲਿਊ ਚੇਨ ਅਤੇ ਆਵਜਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਰੋਜ਼ਾਨਾ 3,000-3,500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਐਸੋਚੇਮ ਦੇ ਮੁਖੀ ਨਿਰੰਜਨ ਹੀਰਾਨੰਦਾਨੀ ਨੇ ਕਿਹਾ, ''ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਦਾ ਸਮੂਹਿਕ ਆਕਾਰ ਤਕਰੀਬਨ 18 ਲੱਖ ਕਰੋੜ ਰੁਪਏ ਹੈ। ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ, ਸੜਕ, ਟੋਲ ਪਲਾਜ਼ਾ ਅਤੇ ਰੇਲ ਸੇਵਾਵਾਂ ਬੰਦ ਹੋਣ ਨਾਲ ਆਰਥਿਕ ਗਤੀਵਧੀਆਂ ਰੁਕ ਗਈਆਂ ਹਨ।''

ਇਸ ਤੋਂ ਪਹਿਲਾਂ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਸੋਮਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਆਗਾਮੀ ਦਿਨਾਂ 'ਚ ਅਰਥਵਿਵਸਥਾ 'ਤੇ ਇਸ ਦਾ ਅਸਰ ਦਿਸੇਗਾ। ਇਸ ਨਾਲ ਅਰਥਵਿਵਸਥਾ ਦੀ ਰਿਕਵਰੀ ਪ੍ਰਭਾਵਿਤ ਹੋ ਸਕਦੀ ਹੈ। ਹੀਰਾਨੰਦਾਨੀ ਨੇ ਕਿਹਾ ਕਿ ਕਪੜਾ, ਵਾਹਨ ਕਲ-ਪੁਰਜ਼ਾ, ਸਾਈਕਲ, ਖੇਡ ਦਾ ਸਾਮਾਨ ਵਰਗੇ ਉਦਯੋਗ ਕ੍ਰਿਸਮਸ ਤੋਂ ਪਹਿਲਾਂ ਆਪਣੇ ਬਰਾਮਦ ਆਰਡਰਾਂ ਨੂੰ ਪੂਰਾ ਨਹੀਂ ਕਰ ਸਕਣਗੇ, ਜਿਸ ਨਾਲ ਗਲੋਬਲ ਕੰਪਨੀਆਂ ਵਿਚਕਾਰ ਉਨ੍ਹਾਂ ਦਾ ਚਰਿੱਤਰ ਪ੍ਰਭਾਵਿਤ ਹੋਵੇਗਾ।


Sanjeev

Content Editor

Related News