ਇਕ ਟਵੀਟ ਨਾਲ ਢਹਿ-ਢੇਰੀ ਹੋਈ ਕ੍ਰਿਪਟੋ ਕਰੰਸੀ, ਬੈਂਕ ਆਫ ਇੰਗਲੈਂਡ ਨੇ ਦਿੱਤੀ ਸੀ ਚਿਤਾਵਨੀ

05/14/2021 9:24:52 AM

ਨਵੀਂ ਦਿੱਲੀ - ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਵਲੋਂ ਕੀਤੇ ਗਏ ਇਕ ਟਵੀਟ ਨਾਲ ਵੀਰਵਾਰ ਨੂੰ ਕ੍ਰਿਪਟੋਕਰੰਸੀ ਢਹਿ-ਢੇਰੀ ਹੋ ਗਈ। ਇਸ ਗਿਰਾਵਟ ’ਚ ਨਿਵੇਸ਼ਕਾਂ ਦੇ 365 ਅਰਬ ਡਾਲਰ ਡੁੱਬ ਗਏ। ਵੀਰਵਾਰ ਸਵੇਰੇ ਐਲਨ ਮਸਕ ਦੇ ਟਵੀਟ ਤੋਂ ਪਹਿਲਾਂ ਕ੍ਰਿਪਟੋ ਕਰੰਸੀ ਬਾਜ਼ਾਰ ਦਾ ਕੁਲ ਮਾਰਕੀਟ ਪੂੰਜੀਕਰਣ 2.43 ਖਰਬ ਡਾਲਰ ਸੀ ਜੋ ਇਕ ਝਟਕੇ ’ਚ ਡਿੱਗ ਕੇ 2.06 ਟ੍ਰਿਲੀਅਨ ਡਾਲਰ ’ਤੇ ਆ ਗਿਆ। ਇਸ ਦੌਰਾਨ ਨਿਵੇਸ਼ਕਾਂ ਨੂੰ ਸੰਭਲਣ ਦਾ ਵੀ ਮੌਕਾ ਨਹੀਂ ਮਿਲਿਆ। ਇਸ ਦੌਰਾਨ ਬਿਟਕੁਆਈਨ 17 ਫੀਸਦੀ ਡਿੱਗ ਕੇ 46,331.1 ਡਾਲਰ ’ਤੇ ਪਹੁੰਚ ਗਿਆ। ਹਾਲਾਂਕਿ ਵੀਰਵਾਰ ਦੇਰ ਰਾਤ ਇਹ ਕਰੀਬ 11 ਫੀਸਦੀ ਦੇ ਨੁਕਸਾਨ ਨਾਲ 50760 ਡਾਲਰ ’ਤੇ ਟ੍ਰੇਡ ਕਰ ਰਿਹਾ ਸੀ।

ਕੀ ਟਵੀਟ ਕੀਤਾ ਸੀ ਐਲਨ ਮਸਕ ਨੇ

ਦਰਅਸਲ ਵੀਰਵਾਰ ਸਵੇਰੇ ਐਲਨ ਮਸਕ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਟੈਸਲਾ ਭਵਿੱਖ ’ਚ ਕਾਰਾਂ ਦੀ ਖਰੀਦ ਲਈ ਬਿਟਕੁਆਈਨ ਦਾ ਇਸਤੇਮਾਲ ਨਹੀਂ ਕਰੇਗੀ। ਮਸਕ ਨੇ ਲਿਖਿਆ ਕਿ ਬਿਟਕੁਆਈਨ ਦੀ ਮਾਈਨਿੰਗ ’ਚ ਕੋਲੇ ਦਾ ਇਸਤੇਮਾਲ ਹੁੰਦਾ ਹੈ ਅਤੇ ਇਹ ਵਾਤਾਵਰਣ ਲਈ ਖਤਰਾ ਹੈ। ਹਾਲਾਂਕਿ ਕ੍ਰਿਪਟੋ ਕਰੰਸੀ ਦਾ ਭਵਿੱਖ ਕਈ ਪੱਧਰ ’ਤੇ ਉੱਜਵਲ ਹੈ ਪਰ ਟੈਸਲਾ ਵਾਤਾਵਰਣ ਦੀ ਕੀਮਤ ’ਤੇ ਇਹ ਕੰਮ ਨਹੀਂ ਕਰੇਗੀ। ਟੈਸਲਾ ਭਵਿੱਖ ’ਚ ਬਿਟਕੁਆਈਨ ਦਾ ਇਸਤੇਮਾਲ ਨਹੀਂ ਕਰੇਗੀ, ਹਾਲਾਂਕਿ ਅਸੀਂ ਅਜਿਹੀ ਕ੍ਰਿਪਟੋ ਕਰੰਸੀ ਦੇ ਇਸਤੇਮਾਲ ਨੂੰ ਤਰਜੀਹ ਦੇਵਾਂਗੇ, ਜਿਸ ਦੀ ਮਾਈਨਿੰਗ ’ਚ ਬਿਟਕੁਆਈਨ ਦੇ ਮੁਕਾਬਲੇ ਸਿਰਫ ਇਕ ਫੀਸਦੀ ਊਰਜਾ ਦਾ ਇਸਤੇਮਾਲ ਹੁੰਦਾ ਹੋਵੇ।

ਕ੍ਰਿਪਟੋ ਕਰੰਸੀ                         ਕੀਮਤ                               ਗਿਰਾਵਟ

ਲਾਈਟਕੁਆਈਨ                      320                                   12 ਫੀਸਦੀ

ਬਿਟਕੁਆਈਨ                     50551                              10.88 ਫੀਸਦੀ

ਈਥਰੀਅਮ                         3869                               10.16 ਫੀਸਦੀ

ਯੂਨੀਸਵੈਪ                             38                                      8 ਫੀਸਦੀ

ਚੇਨ ਲਿੰਕ                              43                                      7 ਫੀਸਦੀ

ਚੀਨ, ਜਾਪਾਨ ਅਤੇ ਕੋਰੀਆ ’ਚ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ 

ਮਰੀਕਾ ’ਚ ਮਹਿੰਗਾਈ ਦੀ ਚਿੰਤਾ, ਏਸ਼ੀਆ ਬਾਜ਼ਾਰਾਂ ’ਚ ਹਾਹਾਕਾਰ 

ਅਮਰੀਕਾ ’ਚ ਵਧਦੀ ਮਹਿੰਗਾਈ ਦੀ ਚਿੰਤਾ ਦਰਮਿਆਨ ਦੇਸ਼ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਨੂੰ ਲੈ ਕੇ ਆਪਣੀ ਨੀਤੀ ’ਚ ਬਦਲਾਅ ਕੀਤੇ ਜਾਣ ਦੇ ਖਦਸ਼ੇ ਨਾਲ ਬੁੱਧਵਾਰ ਰਾਤ ਆਈ ਗਿਰਾਵਟ ਤੋਂ ਬਾਅਦ ਵੀਰਵਾਰ ਏਸ਼ੀਆ ਦੇ ਬਾਜ਼ਾਰਾਂ ’ਚ ਵੀ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਡਾਓ ਜੋਨਸ 1.99 ਫੀਸਦੀ ਦੀ ਗਿਰਾਵਟ ਨਾਲ 681 ਅੰਕ ਹੇਠਾਂ ਬੰਦ ਹੋਇਆ ਸੀ ਜਦੋਂ ਕਿ ਤਕਨਾਲੋਜੀ ਸ਼ੇਅਰਾਂ ’ਚ ਗਿਰਾਵਟ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ਦਾ ਦੂਜਾ ਇੰਡੈਕਸ ਨੈਸਡੇਕ 2.6 ਫੀਸਦੀ ਡਿੱਗ ਕੇ ਬੰਦ ਹੋਇਆ ਸੀ। ਬੁੱਧਵਾਰ ਨੂੰ ਹੀ ਅਮਰੀਕੀ ਸ਼ੇਅਰ ਬਾਜ਼ਾਰ ਦੇ ਗਿਰਾਵਟ ਨਾਲ ਖੁੱਲਦੇ ਹੀ ਯੂਰਪੀ ਬਾਜ਼ਾਰ ਵੀ ਡਿੱਗ ਕੇ ਬੰਦ ਹੋਏ ਸਨ ਅਤੇ ਵੀਰਵਾਰ ਸਵੇਰੇ ਏਸ਼ੀਆ ਦੇ ਬਾਜ਼ਾਰ ਵੀ ਗਿਰਾਵਟ ਨਾਲ ਖੁੱਲ੍ਹੇ। ਹਾਲਾਂਕਿ ਭਾਰਤ ’ਚ ਈਦ ਦੀ ਛੁੱਟੀ ਕਾਰਨ ਬਾਜ਼ਾਰ ਬੰਦ ਸਨ ਪਰ ਜਾਪਾਨ, ਚੀਨ, ਹਾਂਗਕਾਂਗ, ਕੋਰੀਆ ਅਤੇ ਤਾਈਵਾਨ ’ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ।

ਵੀਰਵਾਰ ਸ਼ਾਮ ਯੂਰਪੀ ਅਤੇ ਅਮਰੀਕੀ ਬਾਜ਼ਾਰ ਸੰਭਲੇ

ਏਸ਼ੀਆ ’ਚ ਗਿਰਾਵਟ ਦਾ ਅਸਰ ਵੀਰਵਾਰ ਦੁਪਹਿਰ ਨੂੰ ਯੂਰਪ ਦੇ ਬਾਜ਼ਾਰਾਂ ’ਚ ਵੀ ਦੇਖਣ ਨੂੰ ਮਿਲਿਆ ਅਤੇ ਯੂਰਪੀ ਬਾਜ਼ਾਰ ਲਾਲ ਨਿਸ਼ਾਨ ਨਾਲ ਖੁੱਲ੍ਹੇ। ਫਰਾਂਸ, ਜਰਮਨੀ ਅਤੇ ਯੂ. ਕੇ. ਦੇ ਬਾਜ਼ਾਰਾਂ ’ਚ ਵੀਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਵੀਰਵਾਰ ਸ਼ਾਮ ਨੂੰ ਅਮਰੀਕਾ ’ਚ ਡਾਓ ਜੋਨਸ ਅਤੇ ਨੈਸਡੇਕ ਦੀ ਸਥਿਤੀ ’ਚ ਸੁਧਾਰ ਆਉਣ ਦੇ ਨਾਲ ਹੀ ਯੂਰਪੀ ਬਾਜ਼ਾਰ ਵੀ ਸੰਭਲ ਗਏ ਅਤੇ ਦੇਰ ਸ਼ਾਮ ਤੱਕ ਫਰਾਂਸ ਅਤੇ ਜਰਮਨੀ ਦੇ ਬਾਜ਼ਾਰਾਂ ’ਚ ਹਰੇ ਨਿਸ਼ਾਨ ਨਾਲ ਕਾਰੋਬਾਰ ਹੋ ਰਿਹਾ ਸੀ। ਇਸ ਦਰਮਿਆਨ ਵੀਰਵਾਰ ਸਵੇਰ ਤੱਕ ਲਾਲ ਨਿਸ਼ਾਨ ਨਾਲ 200 ਅੰਕ ਹੇਠਾਂ ਦਿਖਾਈ ਦੇ ਰਿਹਾ ਨਿਫਟੀ ਫੀਚਰ ਵੀ ਸ਼ਾਮ ਹੁੰਦੇ-ਹੁੰਦੇ 120 ਅੰਕ ਉੱਪਰ ਪਹੁੰਚ ਗਿਆ। ਇਸ ਦਰਮਿਆਨ ਭਾਰਤ ’ਚ ਮੈਟਲ ਕੰਪਨੀਆਂ ਦੇ ਚੰਗੇ ਨਤੀਜਿਆਂ ਕਾਰਨ ਸ਼ੁੱਕਰਵਾਰ ਨੂੰ ਭਾਰਤ ਦੇ ਬਾਜ਼ਾਰਾਂ ’ਚ ਹਾਲਤ ’ਚ ਸੁਧਾਰ ਦੀ ਉਮੀਦ ਹੈ।

ਏਸ਼ੀਆ ਦੇ ਬਾਜ਼ਾਰਾਂ ’ਚ ਭਾਰੀ ਗਿਰਾਵਟ

ਨਿੱਕੇਈ 225 (ਜਾਪਾਨ)-27,448.01-2.49 ਫੀਸਦੀ

ਹੇਂਗਸੇਂਗ (ਹਾਂਗਕਾਂਗ)-27,718.67-1.81 ਫੀਸਦੀ

ਕਾਸਪੀ (ਸਾਊਥ ਕੋਰੀਆ) -3,122.11 -1.25

ਸੇਟ ਕੰਪੋਜਿਟ (ਥਾਈਲੈਂਡ) 1,548.13 -1.51

ਸ਼ੰਘਾਈ ਕੰਪੋਜ਼ਿਟ (ਚੀਨ) -3,429.54-0.96

ਤਾਈਵਾਨ ਵੇਟਿਡ (ਤਾਈਵਾਨ) -15,670.10-1.46

ਬੈਂਕ ਆਫ ਇੰਗਲੈਂਡ ਨੇ ਚਾਰ ਦਿਨ ਪਹਿਲਾਂ ਦਿੱਤੀ ਸੀ ਚਿਤਾਵਨੀ

ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡ੍ਰਿਊ ਬੈਲੀ ਨੇ ਕ੍ਰਿਪਟੋ ਕਰੰਸੀ ਦੇ ਨਿਵੇਸ਼ਕਾਂ ਨੂੰ ਚੌਕਸ ਕਰਦੇ ਹੋਏ 8 ਮਈ ਨੂੰ ਹੀ ਚਿਤਾਵਨੀ ਦਿੱਤੀ ਸੀ ਕਿ ਕ੍ਰਿਪਟੋ ਕਰੰਸੀ ਦਾ ਕੋਈ ਵਾਧੂ ਮੁੱਲ ਨਹੀਂ ਹੈ ਅਤੇ ਇਸ ’ਚ ਨਿਵੇਸ਼ ਕਰਨ ਵਾਲਿਆਂ ਦਾ ਸਾਰਾ ਪੈਸਾ ਡੁੱਬ ਸਕਦਾ ਹੈ। ਜਗ ਬਾਣੀ ਨੇ ਐਂਡ੍ਰਿਊ ਬੈਲੀ ਦੀ ਇਸ ਚਿਤਾਵਨੀ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਅਤੇ ਨਿਵੇਸ਼ਕਾਂ ਨੂੰ ਕ੍ਰਿਪਟੋ ਕਰੰਸੀ ’ਚ ਸੰਭਲ ਕੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਸੀ। ਬੈਲੀ ਨੇ ਕਿਹਾ ਸੀ ਕਿ ਕ੍ਰਿਪਟੋ ਕਰੰਸੀ ਦੀ ਕੋਈ ਵਾਧੂ ਕੀਮਤ ਨਹੀਂ ਹੈ ਪਰ ਇਸ ਦਾ ਮਤਲਬ ਨਹੀਂ ਹੈ ਕਿ ਲੋਕ ਇਸ ਦੀ ਕੀਮਤ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਇਸ ਦੀ ਬਾਹਰੀ ਕੀਮਤ ਮਿਲਦੀ ਹੈ ਪਰ ਇਸ ਦੀ ਅੰਦਰੂਨੀ ਕੀਮਤ ਨਹੀਂ ਹੈ। ਮੈਂ ਇਕ ਵਾਰ ਮੁੜ ਦੋ ਟੁੱਕ ਸ਼ਬਦਾਂ ’ਚ ਕਹਿ ਰਿਹਾ ਹਾਂ ਕਿ ਜੇ ਲੋਕ ਆਪਣਾ ਸਾਰਾ ਪੈਸਾ ਡੋਬਣ ਲਈ ਮਾਨਸਿਕ ਤੌਰ ’ਤੇ ਤਿਆਰ ਹਨ ਤਾਂ ਉਹ ਇਸ ਨੂੰ ਖਰੀਦ ਸਕਦੇ ਹਨ।

ਮਸਕ ਦੇ ਇਕ ਟਵੀਟ ਨਾਲ 15 ਫੀਸਦੀ ਉਛਲਿਆ ਸੀ ਬਿਟਕੁਆਈਨ

ਇਸ ਸਾਲ 29 ਜਨਵਰੀ ਨੂੰ ਐਲਨ ਮਸਕ ਵਲੋਂ ਬਿਟਕੁਆਈਨ ਨੂੰ ਆਪਣੇ ਟਵਿਟਰ ਪ੍ਰੋਫਾਈਲ ’ਚ ਜੋੜੇ ਜਾਣ ਤੋਂ ਬਾਅਦ ਹੀ ਬਿਟਕੁਆਈਨ ’ਚ ਤੇਜ਼ੀ ਦੀ ਸ਼ੁਰੂਆਤ ਹੋਈ ਅਤੇ ਬਿਟਕੁਆਈਨ ਇਕ ਦਿਨ ’ਚ 15 ਫੀਸਦੀ ਤੱਕ ਉਛਲ ਗਿਆ ਸੀ। ਟੈਸਲਾ ਨੇ ਐਲਾਨ ਕੀਾਤ ਸੀ ਕਿ ਉਹ ਕੰਪਨੀ ਦੀਆਂ ਕਾਰਾਂ ਦੇ ਕਾਰੋਬਾਰ ’ਚ ਬਿਟਕੁਆਈਨ ਨੂੰ ਮਾਧਿਅਮ ਬਣਾਏਗੀ। ਟੈਸਲਾ ਦੇ ਕ੍ਰਿਪਟੋ ਕਰੰਸੀ ਨੂੰ ਮਾਨਤਾ ਦੇਣ ਤੋਂ ਬਾਅਦ ਇਸ ਦੀ ਸਾਖ ’ਚ ਵਾਧਾ ਹੋਇਆ। ਕੁਆਈਨ ਪਿਛਲੇ ਤਿੰਨ ਮਹੀਨੇ ’ਚ ਹੀ 65 ਹਜ਼ਾਰ ਪ੍ਰਤੀ ਕੁਆਈਨ ਤੱਕ ਪਹੁੰਚ ਗਿਆ ਸੀ।


Harinder Kaur

Content Editor

Related News