ਈਰਾਨ-ਇਜ਼ਰਾਈਲ ਵਿਚਾਲੇ ਜੰਗਬੰਦੀ ਤੋਂ ਬਾਅਦ ਧੜ੍ਹਮ ਹੋਏ ਕਰੂਡ ਆਇਲ ਦੇ ਮੁੱਲ, ਸੋਨਾ ਵੀ ਹੋਇਆ ਸਸਤਾ, ਰੁਪਇਆ ਚੜ੍ਹਿਆ
Wednesday, Jun 25, 2025 - 02:05 PM (IST)

ਨਵੀਂ ਦਿੱਲੀ (ਏਜੰਸੀਆਂ) - ਈਰਾਨ ਅਤੇ ਇਜ਼ਰਾਈਲ ’ਚ ਪਿਛਲੇ 12 ਦਿਨਾਂ ਤੋਂ ਜਾਰੀ ਤਣਾਅ ਰੁਕ ਗਿਆ ਹੈ। ਅੱਜ ਦੋਵੇਂ ਦੇਸ਼ ਜੰਗਬੰਦੀ ਕਰਨ ’ਤੇ ਸਹਿਮਤ ਹੋ ਗਏ ਹਨ। ਇਸ ਦਾ ਅਸਰ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ’ਤੇ ਦੇਖਣ ਨੂੰ ਮਿਲਿਆ। ਇਕੁਇਟੀ ਬਾਜ਼ਾਰਾਂ ’ਚ ਸ਼ਾਨਦਾਰ ਤੇਜ਼ੀ ਰਹੀ। ਉੱਥੇ ਹੀ, ਦੂਜੇ ਪਾਸੇ ਸੋਨੇ ਅਤੇ ਚਾਂਦੀ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਟਰੰਪ ਵੱਲੋਂ ਕੀਤੇ ਗਏ ਐਲਾਨ ਦਾ ਅਸਰ ਕਰੂਡ ਆਇਲ ਦੀਆਂ ਕੀਮਤਾਂ ’ਤੇ ਵੀ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ 10 ਗ੍ਰਾਮ Gold ਦੇ ਭਾਅ , ਅਜੇ ਹੋਰ ਘਟੇਗੀ ਕੀਮਤ
ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਘੱਟ ਹੋਈ। ਲੜਾਈ ਰੁਕਣ ਤੋਂ ਬਾਅਦ ਸੁਰੱਖਿਅਤ ਨਿਵੇਸ਼ ਲਈ ਸੋਨੇ ਦੀ ਮੰਗ ’ਚ ਕਮੀ ਨਾਲ ਇਹ ਗਿਰਾਵਟ ਦਰਜ ਕੀਤੀ ਗਈ।
ਕਰੂਡ ਆਇਲ ਦੇ ਮੁੱਲ 7 ਫ਼ੀਸਦੀ ਡਿੱਗੇ
ਜੰਗਬੰਦੀ ਦੇ ਐਲਾਨ ਤੋਂ ਬਾਅਦ ਬਰੇਂਟ ਕਰੂਡ ਆਇਲ ਫਿਊਚਰ ਅਤੇ ਯੂ. ਐੱਸ. ਡਬਲਿਊ. ਟੀ. ਆਈ. ’ਚ ਭਾਰੀ ਗਿਰਾਵਟ ਆਈ। ਜੰਗਬੰਦੀ ਦੇ ਐਲਾਨ ਤੋਂ ਬਾਅਦ ਤੇਲ ਦੇ ਮੁੱਲ ਧੜ੍ਹਮ ਹੋ ਗਏ ਹਨ। ਦੋਵਾਂ ਨੂੰ ਮਿਲਾ ਕੇ ਲੱਗਭਗ 7 ਫ਼ੀਸਦੀ ਮੁੱਲ ਘੱਟ ਹੋ ਗਏ ਹਨ।
ਬਰੇਂਟ ਕਰੂਡ ਫਿਊਚਰਜ਼ 0006 ਜੀ. ਐੱਮ. ਟੀ. ਤੱਕ 2.69 ਡਾਲਰ ਜਾਂ 3.76 ਫ਼ੀਸਦੀ ਡਿੱਗ ਕੇ 68.79 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ, ਜੋ ਸੈਸ਼ਨ ਦੀ ਸ਼ੁਰੂਆਤ ’ਚ 4 ਫ਼ੀਸਦੀ ਤੋਂ ਜ਼ਿਆਦਾ ਡਿੱਗਣ ਤੋਂ ਬਾਅਦ 11 ਜੂਨ ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : UPI ਯੂਜ਼ਰਸ ਲਈ ਵੱਡੀ ਰਾਹਤ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਉੱਥੇ ਹੀ, ਅਮੈਰੀਕਨ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ ਦਾ ਮੁੱਲ 2.7 ਡਾਲਰ ਜਾਂ 3.94 ਫ਼ੀਸਦੀ ਡਿੱਗ ਕੇ 65.46 ਡਾਲਰ ਪ੍ਰਤੀ ਬੈਰਲ ’ਤੇ ਆ ਗਈ, ਜੋ ਸੈਸ਼ਨ ਦੇ ਸਟਾਰਟ ’ਚ 9 ਜੂਨ ਤੋਂ ਬਾਅਦ ਆਪਣੇ ਸਭ ਤੋਂ ਵੀਕ ਲੈਵਲ ’ਤੇ ਸੀ ਅਤੇ ਇਸ ’ਚ ਲੱਗਭਗ 6 ਫ਼ੀਸਦੀ ਦੀ ਗਿਰਾਵਟ ਆਈ ਸੀ।
ਐੱਮ. ਸੀ. ਐਕਸ. ’ਤੇ ਸੋਨਾ 2306 ਰੁਪਏ ਟੁੱਟਿਆ, ਚਾਂਦੀ ਵੀ ਡਿੱਗੀ
ਸ਼ੁਰੂਆਤੀ ਕਾਰੋਬਾਰ ’ਚ ਐੱਮ. ਸੀ. ਐਕਸ. ’ਤੇ ਸੋਨੇ ਦਾ ਭਾਅ 2.98 ਫ਼ੀਸਦੀ ਡਿੱਗ ਕੇ 96,422 ਰੁਪਏ ਦੇ ਹੇਠਲੇ ਪੱਧਰ ’ਤੇ ਖੁੱਲ੍ਹਿਆ। ਉੱਥੇ ਹੀ, ਐੱਮ. ਸੀ. ਐਕਸ. ’ਤੇ ਚਾਂਦੀ ਦਾ ਭਾਅ 0.24 ਫ਼ੀਸਦੀ ਡਿੱਗ ਕੇ 1,06,502 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਖੁੱਲ੍ਹਿਆ, ਜਦੋਂ ਕਿ ਇਸ ਦਾ ਪਿਛਲਾ ਬੰਦ ਭਾਅ 1,06,759 ਰੁਪਏ ਸੀ। ਖਬਰ ਲਿਖੇ ਜਾਣ ਤੱਕ ਐੱਮ. ਸੀ. ਐਕਸ. ’ਤੇ ਸੋਨਾ 2306 ਰੁਪਏ ਜਾਂ 2.32 ਫ਼ੀਸਦੀ ਦੀ ਗਿਰਾਵਟ ਨਾਲ 97082 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਐੱਮ. ਸੀ. ਐਕਸ. ’ਤੇ ਚਾਂਦੀ 1,626 ਰੁਪਏ ਜਾਂ 1.52 ਫ਼ੀਸਦੀ ਦੀ ਗਿਰਾਵਟ ਨਾਲ 1,05,133 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਕਾਰੋਬਾਰ ਕਰ ਰਹੀ ਸੀ।
ਉੱਥੇ ਹੀ, ਘਰੇਲੂ ਬਾਜ਼ਾਰ ’ਚ ਸੋਨੇ ਦੀ ਕੀਮਤ 1550 ਰੁਪਏ ਡਿੱਗ ਕੇ 1,00,700 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈ। ਚਾਂਦੀ ਦੀ ਕੀਮਤ ਵੀ 700 ਰੁਪਏ ਘਟ ਕੇ 1,09,000 ਰੁਪਏ ਪ੍ਰਤੀ ਕਿੱਲੋਗ੍ਰਾਮ ਰਹਿ ਗਈ।
ਇਹ ਵੀ ਪੜ੍ਹੋ : PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ ਫ਼ਾਇਦਾ
ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਵਾਧਾ ਗੁਆਇਆ, ਸੈਂਸੈਕਸ 158.32 ਅੰਕ ਚੜ੍ਹਿਆ
ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੀਆਂ ਖਬਰਾਂ ਦਰਮਿਆਨ ਮੁਨਾਫਾਵਸੂਲੀ ਦਾ ਸਿਲਸਿਲਾ ਚੱੱਲਣ ਨਾਲ ਸਥਾਨਕ ਸ਼ੇਅਰ ਬਾਜ਼ਾਰ ਨੇ ਮੰਗਲਵਾਰ ਨੂੰ ਆਪਣਾ ਸਾਰਾ ਸ਼ੁਰੂਆਤੀ ਵਾਧਾ ਗੁਆ ਦਿੱਤਾ ਅਤੇ ਅੰਤ ’ਚ ਸੈਂਸੈਕਸ ਵਾਧੇ ਨਾਲ ਬੰਦ ਹੋਇਆ। ਸੈਂਸੈਕਸ ਇਕ ਸਮੇਂ 1,121.37 ਅੰਕ ਭਾਵ 1.36 ਫ਼ੀਸਦੀ ਚੜ੍ਹ ਕੇ 83,018.16 ਅੰਕ ਤੱਕ ਪਹੁੰਚ ਗਿਆ ਸੀ। ਹਾਲਾਂਕਿ, ਦੁਪਹਿਰ ਆਉਣ ਤੱਕ ਜੰਗਬੰਦੀ ਦੀ ਉਲੰਘਣਾ ਦੀਆਂ ਖਬਰਾਂ ਆਉਣ ਨਾਲ ਬਾਜ਼ਾਰ ਨੇ ਇਸ ਵੱਡੇ ਵਾਧੇ ਨੂੰ ਕਾਫ਼ੀ ਹੱਦ ਤੱਕ ਗੁਆ ਦਿੱਤਾ। ਕਾਰੋਬਾਰ ਦੇ ਅੰਤ ’ਚ ਇਹ 158.32 ਅੰਕ ਭਾਵ 0.19 ਫ਼ੀਸਦੀ ਦੇ ਵਾਧੇ ਨਾਲ 82,055.11 ਅੰਕ ’ਤੇ ਬੰਦ ਹੋਇਆ।
ਓਧਰ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਸੂਚਕ ਅੰਕ ਨਿਫਟੀ ਦਾ ਵੀ ਕਾਰੋਬਾਰ ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ। ਇਕ ਸਮੇਂ ਨਿਫਟੀ 25,317.70 ਅੰਕ ਤੱਕ ਪਹੁੰਚ ਗਿਆ ਸੀ ਪਰ ਕਾਰੋਬਾਰ ਦੇ ਅੰਤ ’ਚ ਇਹ ਸਿਰਫ 72.45 ਅੰਕ ਭਾਵ 0.29 ਫ਼ੀਸਦੀ ਤੇਜ਼ੀ ਨਾਲ 25,044.35 ਅੰਕ ’ਤੇ ਬੰਦ ਹੋਇਆ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦੱਖਣ ਕੋਰੀਆ ਦੇ ਕੋਸਪੀ, ਜਾਪਾਨ ਦੇ ਨਿੱਕੇਈ, ਚੀਨ ਦੇ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦੇ ਹੈਂਗ ਸੇਂਗ ’ਚ ਚੋਖੀ ਤੇਜ਼ੀ ਵੇਖੀ ਗਈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਵੀ ਟੁੱਟੀ, ਜਾਣੋ ਅੱਜ ਦੀਆਂ ਤਾਜ਼ਾਂ ਕੀਮਤਾਂ
ਰੁਪਇਆ 75 ਪੈਸੇ ਦੇ ਵੱਡੇ ਉਛਾਲ ਨਾਲ 86.03 ਪ੍ਰਤੀ ਡਾਲਰ ’ਤੇ ਪੁੱਜਾ
ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ ਦਰਮਿਆਨ ਰੁਪਇਆ ਰਿਕਾਰਡ ਹੇਠਲੇ ਪੱਧਰ ਤੋਂ ਉੱਭਰ ਕੇ 75 ਪੈਸੇ ਦੇ ਵੱਡੇ ਉਛਾਲ ਨਾਲ 86.03 (ਅਸਥਾਈ) ਪ੍ਰਤੀ ਡਾਲਰ ’ਤੇ ਬੰਦ ਹੋਇਆ। ਵਿਦੇਸ਼ੀ ਕਰੰਸੀ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਕਮਜ਼ੋਰ ਡਾਲਰ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਹਾਂ-ਪੱਖੀ ਰੁਖ਼ ਨੇ ਸਥਾਨਕ ਕਰੰਸੀ ਨੂੰ ਹੋਰ ਬਲ ਦਿੱਤਾ। ਅੰਤਰਬੈਂਕਿੰਗ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ ’ਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 86.07 ’ਤੇ ਖੁੱਲ੍ਹਿਆ। ਦਿਨ ’ਚ 85.91 ਤੋਂ 86.27 ਪ੍ਰਤੀ ਡਾਲਰ ਦੇ ਘੇਰੇ ’ਚ ਕਾਰੋਬਾਰ ਕਰਨ ਤੋਂ ਬਾਅਦ ਇਹ 86.03 (ਅਸਥਾਈ) ਪ੍ਰਤੀ ਡਾਲਰ ’ਤੇ ਬੰਦ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8