''ਜੇ ਜੰਗ ਅੱਜ ਖ਼ਤਮ ਹੋ ਵੀ ਜਾਵੇ, ਤਾਂ ਵੀ..!'' ਤਣਾਅ ਵਿਚਾਲੇ ਮਾਹਿਰਾਂ ਨੇ ਤੇਲ-ਗੈਸ ਬਾਰੇ ਕੀਤੀ ਡਰਾਉਣੀ ਭਵਿੱਖਬਾਣੀ

Monday, Apr 20, 2026 - 03:19 PM (IST)

''ਜੇ ਜੰਗ ਅੱਜ ਖ਼ਤਮ ਹੋ ਵੀ ਜਾਵੇ, ਤਾਂ ਵੀ..!'' ਤਣਾਅ ਵਿਚਾਲੇ ਮਾਹਿਰਾਂ ਨੇ ਤੇਲ-ਗੈਸ ਬਾਰੇ ਕੀਤੀ ਡਰਾਉਣੀ ਭਵਿੱਖਬਾਣੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੇ ਦੁਨੀਆ ਭਰ 'ਚ ਹਾਹਾਕਾਰ ਮਚਾਈ ਹੋਈ ਹੈ। ਇਕ ਪਾਸੇ ਜਿੱਥੇ ਤੇਲ ਗੈਸ ਦੀ ਕਿੱਲਤ ਕਾਰਨ ਕੀਮਤਾਂ ਅਸਮਾਨੀਂ ਪਹੁੰਚ ਰਹੀਆਂ ਹਨ, ਉੱਥੇ ਹੀ ਮਿਡਲ ਈਸਟ 'ਚ ਲੱਖਾਂ ਲੋਕ ਜੰਗ ਦੇ ਸਾਏ ਹੇਠ ਜਿਊਣ ਲਈ ਮਜਬੂਰ ਹੋ ਰਹੇ ਹਨ। ਇਸੇ ਦੌਰਾਨ ਅੰਤਰਰਾਸ਼ਟਰੀ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਜੰਗ ਚਾਹੇ ਅੱਜ ਖ਼ਤਮ ਹੋ ਜਾਵੇ, ਪਰ ਫ਼ਿਰ ਵੀ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਪਹਿਲਾਂ ਵਾਲੇ ਪੱਧਰ 'ਤੇ ਆਉਣ ਲਈ 2030 ਤੱਕ ਦਾ ਸਮਾਂ ਲੱਗ ਸਕਦਾ ਹੈ।

ਪਿਛਲੇ 51 ਦਿਨਾਂ ਤੋਂ ਜਾਰੀ ਇਸ ਜੰਗ ਨੇ ਖਾੜੀ ਦੇਸ਼ਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਰਾਨ ਦਾ ਸਭ ਤੋਂ ਅਹਿਮ ਸਾਊਥ ਪਾਰਸ ਗੈਸ ਫੀਲਡ ਅਤੇ ਰਿਫਾਇਨਰੀਆਂ 'ਤੇ ਹਮਲਿਆਂ ਕਾਰਨ ਉਤਪਾਦਨ ਠੱਪ ਹੈ, ਜਿਸ ਦੀ ਮੁਰੰਮਤ 'ਚ 5 ਸਾਲ ਤੱਕ ਦਾ ਲੰਬਾ ਸਮਾਂ ਲੱਗ ਸਕਦਾ ਹੈ।

ਦੁਨੀਆ ਦੀ 20 ਫ਼ੀਸਦੀ ਗੈਸ ਸਪਲਾਈ ਕਰਨ ਵਾਲੇ ਕਤਰ ਦੇ ਰਾਸ ਲਾਫਾਨ ਐੱਲ.ਐੱਨ.ਜੀ. ਟਰਮੀਨਲ ਨੂੰ ਵੀ ਜੰਗ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ। ਸਾਊਦੀ ਅਰਬ ਤੇ UAE ਦੇ ਮੁੱਖ ਪਲਾਂਟਾਂ ਅਤੇ ਗੈਸ ਫੀਲਡਾਂ 'ਤੇ ਹਮਲਿਆਂ ਤੋਂ ਬਾਅਦ ਆਪਰੇਸ਼ਨ ਰੋਕ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਸਕੂਲਾਂ 'ਚ ਅਚਾਨਕ ਛੁੱਟੀ ਦਾ ਐਲਾਨ, 2 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ! ਅਸਾਮ 'ਚ ਤਣਾਅਪੂਰਨ ਹੋਏ ਹਾਲਾਤ

ਇਸੇ ਦੌਰਾਨ ਦੁਨੀਆ ਦੇ ਸਭ ਤੋਂ ਅਹਿਮ ਤੇਲ-ਗੈਸ ਦੇ ਲਾਂਘੇ ਹੋਰਮੁਜ਼ 'ਚ ਵੀ ਫਿਲਹਾਲ 128 ਤੇਲ ਟੈਂਕਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਅਤੇ ਰਸਤਾ ਸਾਫ਼ ਕਰਨ ਵਿੱਚ ਘੱਟੋ-ਘੱਟ 3 ਮਹੀਨੇ ਲੱਗ ਜਾਣਗੇ। ਖਾਲੀ ਟੈਂਕਰ ਪਹਿਲਾਂ ਤੋਂ ਮੌਜੂਦ ਸਟਾਕ ਨੂੰ ਚੁੱਕਣਗੇ, ਜਿਸ ਕਾਰਨ ਨਵੇਂ ਉਤਪਾਦਨ ਦੀ ਸਪਲਾਈ ਵਿੱਚ ਦੇਰੀ ਹੋਵੇਗੀ।

ਜੰਗ ਕਾਰਨ ਮਿਡਲ ਈਸਟ 'ਚ ਰੋਜ਼ਾਨਾ 1.2 ਕਰੋੜ ਬੈਰਲ ਕੱਚੇ ਤੇਲ ਦਾ ਉਤਪਾਦਨ ਰੁਕਿਆ ਹੋਇਆ ਹੈ। ਇਨ੍ਹਾਂ ਖੂਹਾਂ ਨੂੰ ਮੁੜ ਚਾਲੂ ਕਰਨਾ ਇੱਕ ਕਾਫ਼ੀ ਮੁਸ਼ਕਲ ਪ੍ਰਕਿਰਿਆ ਹੈ, ਜਦਕਿ ਹਮਲਿਆਂ ਕਾਰਨ ਨੁਕਸਾਨੀਆਂ ਗਈਆਂ ਰਿਫਾਇਨਰੀਆਂ ਅਤੇ ਪਾਈਪਲਾਈਨਾਂ ਦੀ ਮੁਰੰਮਤ ਵਿੱਚ ਵੀ ਕਈ ਸਾਲ ਲੱਗ ਸਕਦੇ ਹਨ।

ਇਹ ਜੰਗ ਸਿਰਫ਼ ਤੇਲ ਤੱਕ ਸੀਮਤ ਨਹੀਂ ਹੈ, ਇਸ ਨੇ ਮਾਨਵਤਾਵਾਦੀ ਸੰਕਟ ਵੀ ਪੈਦਾ ਕਰ ਦਿੱਤਾ ਹੈ। ਖਾੜੀ ਦੇਸ਼ਾਂ ਵਿੱਚ ਕੰਮ ਕਰ ਰਹੇ 2 ਕਰੋੜ ਤੋਂ ਵੱਧ ਏਸ਼ੀਆਈ ਪ੍ਰਵਾਸੀ ਸਿੱਧੇ ਸੰਕਟ ਵਿੱਚ ਹਨ। ਭਾਰਤ, ਨੇਪਾਲ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੀ ਜੀ.ਡੀ.ਪੀ. 'ਤੇ ਇਸ ਦਾ ਬਹੁਤ ਬੁਰਾ ਅਸਰ ਪਵੇਗਾ ਕਿਉਂਕਿ ਵਿਦੇਸ਼ਾਂ ਤੋਂ ਆਉਣ ਵਾਲਾ ਪੈਸਾ 5 ਫ਼ੀਸਦੀ ਤੱਕ ਘਟ ਸਕਦਾ ਹੈ।

ਤੇਲ-ਗੈਸ ਦੀਆਂ ਕੀਮਤਾਂ ਤੋਂ ਇਲਾਵਾ ਯੂਰੀਆ ਤੇ ਅਮੋਨੀਆ ਵੀ ਮਹਿੰਗਾ ਹੋ ਗਿਆ ਹੈ। ਯੂਰੀਆ ਦੀਆਂ ਕੀਮਤਾਂ 'ਚ 65 ਫ਼ੀਸਦੀ ਅਤੇ ਅਮੋਨੀਆ ਦੀਆਂ ਕੀਮਤਾਂ 'ਚ 40 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਆਪਣੀ 40 ਫ਼ੀਸਦੀ ਖਾਦ ਦੀ ਲਈ ਇਸੇ ਖੇਤਰ 'ਤੇ ਨਿਰਭਰ ਹੈ, ਜਿਸ ਨਾਲ ਖੇਤੀ ਦੀ ਲਾਗਤ ਵਧੇਗੀ ਅਤੇ ਖਾਣ ਵਾਲੀਆਂ ਚੀਜ਼ਾਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ- ਆ ਗਿਆ 7.4 ਦੀ ਤੀਬਰਤਾ ਦਾ ਭੂਚਾਲ ! ਕੰਬ ਗਿਆ ਪੂਰਾ ਇਲਾਕਾ, ਜਾਪਾਨ 'ਚ ਸੁਨਾਮੀ ਦਾ ਅਲਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News