ਕੱਚੇ ਤੇਲ ਦੀਆਂ ਕੀਮਤਾਂ ''ਚ 20 ਫੀਸਦੀ ਤੱਕ ਦੀ ਗਿਰਾਵਟ, ਪੈਟਰੋਲ ਹੋਇਆ 4 ਰੁਪਏ ਤੱਕ ਸਸਤਾ

02/11/2020 3:51:01 PM

ਨਵੀਂ ਦਿੱਲੀ — ਦੂਜੇ ਸਭ ਤੋਂ ਵੱਡੇ ਤੇਲ ਆਯਾਤਕ ਦੇਸ਼ ਚੀਨ 'ਚ ਕੋਰੋਨਾ ਵਾਇਰਸ ਫੈਲਣ ਦੇ ਬਾਅਦ ਤੋਂ ਕਰੂਡ ਦੀ ਖਪਤ ਘੱਟ ਹੋ ਗਈ ਹੈ। ਇਸ ਕਾਰਨ ਗਲੋਬਲ ਪੱਧਰ 'ਤੇ ਪਿਛਲੇ ਇਕ ਮਹੀਨੇ 'ਚ ਕਰੂਡ ਦੀਆਂ ਕੀਮਤਾਂ ਵਿਚ 20 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਇਸਦਾ ਅਸਰ ਘਰੇਲੂ ਬਜ਼ਾਰ 'ਤੇ ਵੀ ਦਿਖਿਆ ਅਤੇ ਪੈਟਰੋਲ ਦੀਆਂ ਖੁਦਰਾ ਕੀਮਤਾਂ ਵਿਚ 4 ਰੁਪਏ ਪ੍ਰਤੀ ਲੀਟਰ ਤੱਕ ਦੀ ਕਮੀ ਆਈ ਹੈ।

ਅੰਤਰਰਾਸ਼ਟਰੀ ਬਜ਼ਾਰ ਵਿਚ ਸੋਮਵਾਰ ਨੂੰ ਕਰੂਡ ਦੀਆਂ ਕੀਮਤਾਂ ਇਕ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ। ਕਾਰੋਬਾਰ ਦੇ ਦੌਰਾਨ ਬ੍ਰੇਂਟ ਕਰੂਡ ਦੀ ਕੀਮਤ 53.63 ਡਾਲਰ ਪ੍ਰਤੀ ਬੈਰਲ 'ਤੇ ਆ ਗਈ, ਜਿਹੜੀ ਕਿ 2 ਜਨਵਰੀ 2019 ਦੇ ਬਾਅਦ ਤੋਂ ਸਭ ਤੋਂ ਘੱਟ ਹੈ। ਹਾਲਾਂਕਿ ਬਾਅਦ ਵਿਚ ਸੁਧਾਰ ਦੇ ਨਾਲ 54.23 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।
ਇਸ ਗਿਰਾਵਟ ਦਾ ਅਸਰ ਘਰੇਲੂ ਤੇਲ ਬਜ਼ਾਰ 'ਤੇ ਵੀ ਦਿਖਾਈ ਦੇ ਰਿਹਾ ਹੈ ਜਿਥੇ ਦਿੱਲੀ 'ਚ 10 ਫਰਵਰੀ ਨੂੰ ਪੈਟਰੋਲ 72.1 ਰੁਪਏ ਪ੍ਰਤੀ ਲੀਟਰ ਹੋ ਗਿਆ। 11 ਜਨਵਰੀ ਨੂੰ ਦਿੱਲੀ 'ਚ ਪੈਟਰੋਲ 76.1 ਰੁਪਏ ਲੀਟਰ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਾਰਚ ਦੇ ਪਹਿਲੇ ਹਫਤੇ ਹੋਣ ਵਾਲੀ ਓਪੇਕ ਦੀ ਬੈਠਕ ਤੋਂ ਪਹਿਲਾਂ ਕਰੂਡ ਫਿਰ 50 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਸਕਦਾ ਹੈ। ਇਸ ਨਾਲ ਘਰੇਲੂ ਬਜ਼ਾਰ 'ਚ ਵੀ ਤੇਲ ਹੋਰ ਸਸਤਾ ਹੋਣ ਦੀ ਉਮੀਦ ਹੈ।

ਆਰਥਿਕ ਗਤੀਵਿਧਿਆਂ 'ਚ ਸੁਸਤੀ ਦੇ ਕਾਰਨ ਚੀਨ ਫਰਵਰੀ ਵਿਚ ਕਰੂਡ ਆਯਾਤ ਵਿਚ 9.40 ਲੱਖ ਬੈਰਲ ਪ੍ਰਤੀਦਿਨ(ਬੀ.ਪੀ.ਡੀ.) ਦੀ ਕਟੌਤੀ ਕਰੇਗਾ। ਚੀਨ ਦੀ ਸਰਕਾਰੀ ਤੇਲ ਕੰਪਨੀ ਪੇਟ੍ਰੋਚਾਈਨਾ ਨੇ ਆਪਣੀ ਕੁੱਲ ਖਰੀਦ ਦਾ 10 ਫੀਸਦੀ ਹਿੱਸਾ ਰੋਕ ਦਿੱਤਾ ਹੈ। ਕੰਪਨੀ ਨੇ ਫਰਵਰੀ 'ਚ ਹੀ ਆਯਾਤ 'ਚ 3.20 ਲੱਖ ਬੀ.ਪੀ.ਡੀ. ਕਟੌਤੀ ਕੀਤੀ ਹੈ ਜਿਹੜਾ ਕਿ ਮਾਰਚ ਤੱਕ 3.77 ਲੱਖ ਬੀ.ਡੀ.ਪੀ. ਪਹੁੰਚ ਜਾਵੇਗਾ। ਹੋਰ ਵੱਡੀ ਕੰਪਨੀ ਸਿਪੋਪੇਕ ਕਾਰਪ ਨੇ 6 ਲੱਖ ਬੀ.ਪੀ.ਡੀ. ਅਤੇ ਚਾਈਨਾ ਨੈਸ਼ਨਲ ਆਫਸ਼ੋਰ ਆਇਲ ਕੰਪਨੀ ਨੇ 20 ਹਜ਼ਾਰ ਬੀ.ਡੀ.ਪੀ. ਕਟੌਤੀ ਦਾ ਐਲਾਨ ਕੀਤਾ ਹੈ। 

ਓਪੇਕ ਦੇਸ਼ ਘਟਾਏਗਾ ਕੱਚੇ ਤੇਲ ਦਾ ਉਤਪਾਦਨ

ਤੇਲ ਦੀ ਮੰਗ 'ਚ ਗਿਰਾਵਟ ਦੇ ਕਾਰਨ ਲਗਾਤਾਰ ਘੱਟ ਰਹੀਆਂ ਕੀਮਤਾਂ ਨੂੰ ਰੋਕਣ ਲਈ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਨੇ ਹੋਰ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਅਲਜੀਰੀਆ ਦੇ ਤੇਲ ਮੰਤਰੀ ਮੁਹੰਮਦ ਅਰਕਾਬ ਨੇ ਕਿਹਾ ਕਿ ਮੈਂਬਰ ਦੇਸ਼ ਤੇਲ ਉਤਪਾਦਨ 'ਚ 6 ਲੱਖ ਬੈਰਲ ਪ੍ਰਤੀਦਿਨ ਦੀ ਵਾਧੂ ਕਟੌਤੀ ਦੀ ਯੋਜਨਾ ਬਣਾ ਰਹੇ ਹਨ।


Related News