ਜਿਊਲਰਜ਼ ਦੀਆਂ ਦੁਕਾਨਾਂ ’ਤੇ ਵਧੀ ਭੀੜ, ਗਹਿਣੇ ਤੇ ਸਿੱਕਿਆਂ ਸਮੇਤ ਇਨ੍ਹਾਂ ਚੀਜ਼ਾਂ ਦੀ ਵਧੀ ਵਿਕਰੀ

Friday, Oct 10, 2025 - 11:52 AM (IST)

ਜਿਊਲਰਜ਼ ਦੀਆਂ ਦੁਕਾਨਾਂ ’ਤੇ ਵਧੀ ਭੀੜ, ਗਹਿਣੇ ਤੇ ਸਿੱਕਿਆਂ ਸਮੇਤ ਇਨ੍ਹਾਂ ਚੀਜ਼ਾਂ ਦੀ ਵਧੀ ਵਿਕਰੀ

ਨਵੀਂ ਦਿੱਲੀ - ਅਚਾਨਕ ਸੋਨੇ ਦੀ ਵੱਧਦੀ ਹੋਈ ਮੰਗ ਖਰੀਦਦਾਰਾਂ ਨੂੰ ਬਾਜ਼ਾਰ ’ਚ ਵਾਪਸ ਲਿਆ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਦੀਵਾਲੀ ’ਤੇ ਰਿਕਾਰਡ ਵਿਕਰੀ ਦੀ ਸੰਭਾਵਨਾ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਨੇ ਬੀਤੇ 3 ਦਿਨਾਂ ’ਚ ਸੋਨੇ ਦੀ ਖਰੀਦ ’ਚ ਆਏ ਉਛਾਲ ਨੂੰ ਵੇਖਦੇ ਹੋਏ ਅੰਦਾਜ਼ਾ ਲਾਇਆ ਹੈ ਕਿ ਇਸ ਸਾਲ ਦੀਵਾਲੀ ਦੌਰਾਨ ਭਾਵ 18-23 ਅਕਤੂਬਰ ਤੱਕ ਰਿਕਾਰਡ 45 ਟਨ ਸੋਨਾ ਵਿਕੇਗਾ।

ਇਹ ਵੀ ਪੜ੍ਹੋ :     ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਸੁਰੇਂਦਰ ਮਹਿਤਾ ਨੇ ਕਿਹਾ ਕਿ ਖਰੀਦਦਾਰਾਂ ’ਚ ਡਰ ਦੀ ਭਾਵਨਾ ਸੀ। ਉਹ 21 ਅਗਸਤ ਨੂੰ ਸੋਨੇ ਦੀ ਕੀਮਤ 1 ਲੱਖ ਰੁਪਏ ਦੇ ਪਾਰ ਹੋ ਜਾਣ ਤੋਂ ਬਾਅਦ ਹੀ ਗਿਰਾਵਟ ਦਾ ਖਦਸ਼ਾ ਪ੍ਰਗਟਾ ਰਹੇ ਸਨ, ਹਾਲਾਂਕਿ ਮੰਦੀ ਮੰਗ ਤੋਂ ਬਾਅਦ ਪਿਛਲੇ 3 ਦਿਨਾਂ ’ਚ ਗਹਿਣਿਆਂ ਅਤੇ ਸਿੱਕਿਆਂ ਦੀ ਖਰੀਦਦਾਰੀ ਲਈ ਜਿਊਲਰਜ਼ ਦੀਆਂ ਦੁਕਾਨਾਂ ’ਤੇ ਭਾਰੀ ਭੀੜ ਵੇਖੀ ਗਈ ਹੈ।

ਵਿਆਹਾਂ ਦੇ ਮੌਸਮ ਨੇ ਵੀ ਵਧਾਈ ਮੰਗ

ਉੱਧਰ ਕੋਟਕ ਮਹਿੰਦਰਾ ਬੈਂਕ ਦੇ ਪ੍ਰਧਾਨ ਸ਼ੇਖਰ ਭੰਡਾਰੀ ਨੇ ਵੀ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਮੰਗ ’ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਮੰਗ ’ਚ ਤੇਜ਼ੀ ਦੀ ਵਜ੍ਹਾ ਦੀਵਾਲੀ ਹੀ ਨਹੀਂ, ਸਗੋਂ ਨਵੰਬਰ ਤੋਂ ਫਰਵਰੀ ਤੱਕ ਚੱਲਣ ਵਾਲਾ ਵਿਆਹਾਂ ਦਾ ਮੌਸਮ ਵੀ ਹੈ।

ਇਹ ਵੀ ਪੜ੍ਹੋ :     ਤਿਜੋਰੀ 'ਚ ਨਹੀਂ ਹੁਣ ਮੋਬਾਇਲ 'ਚ ਜ਼ਿਆਦਾ ਚਮਕ ਰਿਹੈ Gold! ਜਾਣੋ ਨਿਵੇਸ਼ ਦੇ ਨਵੇਂ ਵਿਕਲਪ...

ਭੰਡਾਰੀ ਨੇ ਸੋਨੇ ਦੀ ਵਿਕਰੀ ’ਤੇ ਟਿੱਪਣੀ ਕਰਨ ਤੋਂ ਪ੍ਰਹੇਜ਼ ਕੀਤਾ ਪਰ ਦੱਸਿਆ ਕਿ ਇਸ ਤਿਉਹਾਰੀ ਸੀਜ਼ਨ ’ਚ ਪਹਿਲੀ ਵਾਰ ਨਿਵੇਸ਼ ਕਰਨ ਵਾਲੇ ਨਿਵੇਸ਼ਕ ਕੀਮਤਾਂ ’ਚ ਗਿਰਾਵਟ ਦਾ ਇੰਤਜ਼ਾਰ ਕਰ ਸਕਦੇ ਹਨ। 20 ਸਤੰਬਰ ਨੂੰ ਅਮਰੀਕੀ ਐਕਸਚੇਂਜ ਕਾਮੈਕਸ ’ਤੇ ਸੋਨੇ ਦੀ ਇੰਡੈਕਸ ਵੈਲਿਊ 2,365.80 ਡਾਲਰ ਪ੍ਰਤੀ ਔਂਸ (31.1 ਗ੍ਰਾਮ) ਸੀ, ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 27 ਫੀਸਦੀ ਵੱਧ ਹੈ।

ਦੀਵਾਲੀ ਤੋਂ ਬਾਅਦ 1,22,000 ਰੁਪਏ ਤੱਕ ਰਹਿ ਸਕਦੀ ਹੈ ਕੀਮਤ

ਆਨੰਦ ਰਾਠੀ ਗਰੁੱਪ ਦੇ ਡਾਇਰੈਕਟਰ ਨਵੀਨ ਮਾਥੁਰ ਨੇ ਵੀ ਚਿਤਾਵਨੀ ਦਿੱਤੀ ਕਿ ਛੋਟੀ ਮਿਆਦ ’ਚ ਮੁਨਾਫਾਵਸੂਲੀ ਹੋਵੇਗੀ ਅਤੇ ਉਸ ਤੋਂ ਬਾਅਦ ਏਕੀਕਰਨ (ਏਕੀਕ੍ਰਿਤ ਕੀਮਤ ਤਬਦੀਲੀ) ਦੀ ਸੰਭਾਵਨਾ ਹੈ। ਹਾਲਾਂਕਿ ਲੰਮੀ ਮਿਆਦ ’ਚ ਸੰਭਾਵਨਾਵਾਂ ਤੇਜ਼ੀ ਦੀਆਂ ਬਣੀਆਂ ਹੋਈਆਂ ਹਨ।

ਮਾਥੁਰ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਬਾਕੀ ਸਾਲ ਲਈ ਸੋਨੇ ਦੀ ਕੀਮਤ 1,16,800 ਤੋਂ 1,22,000 ਰੁਪਏ ਦੇ ਵਿਚਕਾਰ ਰਹੇਗੀ। ਸਟਾਕ ਐਕਸਚੇਂਜ ਐੱਮ. ਸੀ. ਐਕਸ. ਦੇ ਜੈਨੇਰਿਕ ਗੋਲਡ ਕੰਟਰੈਕਟ ਅਨੁਸਾਰ ਇਸ ਕੈਲੰਡਰ ਸਾਲ ’ਚ ਹੁਣ ਤੱਕ ਪੀਲੀ ਧਾਤੂ ਦੀ ਕੀਮਤ 56 ਫੀਸਦੀ ਵਧੀ ਹੈ, ਜੋ ਸ਼ੇਅਰ ਬਾਜ਼ਾਰ ਦੇ ਵਾਧੇ ਤੋਂ ਕਿਤੇ ਵੱਧ ਹੈ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਦਾ ਦੀਵਾਲੀ ਤੋਹਫ਼ਾ! ਕਰਮਚਾਰੀਆਂ ਦਾ DA ਵਧਿਆ, ਜਾਣੋ ਨਵੀਆਂ ਦਰਾਂ

ਵਣਜ ਮੰਤਰਾਲਾ ਦੇ ਅੰਕੜਿਆਂ ਤੋਂ ਪਤਾ ਚਲਿਆ ਹੈ ਕਿ ਜੁਲਾਈ ਦੇ ਆਖਿਰ ਤੱਕ ਸੋਨੇ ਦੀ ਦਰਾਮਦ ਇਕ ਸਾਲ ਪਹਿਲਾਂ ਦੇ 337 ਟਨ ਤੋਂ 25 ਫੀਸਦੀ ਘੱਟ ਕੇ 251.4 ਟਨ ਰਹਿ ਗਈ ਹੈ।

ਬਾਜ਼ਾਰਾਂ ’ਚ 18 ਕੈਰੇਟ ਸੋਨੇ ’ਚ ਰੁਚੀ ਵਧੀ

ਭਾਰਤ ਦੇ ਸਭ ਤੋਂ ਵੱਡੇ ਗਹਿਣਾ ਵਿਕ੍ਰੇਤਾਵਾਂ ’ਚੋਂ ਇਕ ਕਲਿਆਣ ਜਿਊਲਰਜ਼ ਦੇ ਕਾਰਜਕਾਰੀ ਨਿਰਦੇਸ਼ਕ ਰਮੇਸ਼ ਕਲਿਆਣਰਮਨ ਨੇ ਕਿਹਾ ਕਿ ਜਿਵੇਂ-ਜਿਵੇਂ ਅਸੀਂ ਤਿਉਹਾਰਾਂ ਅਤੇ ਵਿਆਹਾਂ ਦੇ ਮੌਸਮ ’ਚ ਪ੍ਰਵੇਸ਼ ਕਰ ਰਹੇ ਹਨ, ਗਹਿਣਿਆਂ ਦੀ ਖਰੀਦਦਾਰੀ ਹੁਣ ਵਿਵੇਕਸ਼ੀਲ ਹੋਣ ਦੀ ਬਜਾਏ ਮੌਕਾ-ਆਧਾਰਿਤ ਹੁੰਦੀ ਜਾ ਰਹੀ ਹੈ। ਕੀਮਤਾਂ ’ਚ ਵਾਧੇ ਨਾਲ ਗਾਹਕ ਇੰਤਜ਼ਾਰ ਕਰਨ ਦੀ ਬਜਾਏ ਖਰੀਦਦਾਰੀ ਕਰਨਾ ਪਸੰਦ ਕਰ ਰਹੇ ਹਨ ਅਤੇ ਪੁਰਾਣੇ ਸੋਨੇ ਦਾ ਐਕਸਚੇਂਜ ਲੱਗਭਗ 30 ਫੀਸਦੀ ’ਤੇ ਸਰਗਰਮ ਬਣਿਆ ਹੋਇਆ ਹੈ।

ਕਲਿਆਣਰਮਨ ਨੇ ਕਿਹਾ ਕਿ ਸ਼ਹਿਰੀ ਅਤੇ ਉੱਤਰੀ ਬਾਜ਼ਾਰਾਂ ’ਚ 18 ਕੈਰੇਟ ਸੋਨੇ ’ਚ ਰੁਚੀ ਵੱਧ ਰਹੀ ਹੈ। ਇਹ ਮੁੱਖ ਤੌਰ ’ਤੇ ਹੀਰੇ ਦੇ ਗਹਿਣਿਆਂ ਲਈ ਡਿਜ਼ਾਈਨ ਕੀਤਾ ਜਾਂਦਾ ਹੈ ਅਤੇ ਸੋਨੇ ਦੇ ਰਵਾਇਤੀ ਡਿਜ਼ਾਈਨਾਂ ਲਈ ਵੀ ਇਸ ਨੂੰ ਚੁਣਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :     ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ

ਚਾਂਦੀ ਦੇ ਭਾਡਿਆਂ ਦੀ ਵਿਕਰੀ ’ਚ ਵਾਧਾ

ਧਾਰਮਿਕ ਅਤੇ ਤਿਉਹਾਰਾਂ ਦੇ ਮੌਕਿਆਂ ’ਤੇ ਵਰਤੋਂ ਹੋਣ ਵਾਲੇ ਚਾਂਦੀ ਦੇ ਭਾਡਿਆਂ ਦੀ ਮੰਗ ਵੀ ਵਧੀ ਹੈ। ਕਲਿਆਣਰਮਨ ਨੇ ਕਿਹਾ ਕਿ ਤਿਮਾਹੀ ਦੀ ਸ਼ੁਰੂਆਤ ਚੰਗੀ ਰਹੀ ਹੈ, ਪ੍ਰਮੁੱਖ ਬਾਜ਼ਾਰਾਂ ’ਚ ਗਾਹਕਾਂ ਦੀ ਚੰਗੀ ਗਿਣਤੀ ਵੇਖੀ ਗਈ ਹੈ। ਚੰਗੀ ਪ੍ਰੀ-ਬੁਕਿੰਗ, ਨਵੇਂ ਕੁਲੈਕਸ਼ਨ ਅਤੇ 15 ਵਾਧੂ ਸ਼ੋਅਰੂਮ ਸ਼ੁਰੂ ਕਰਨ ਦੀ ਮੁਹਿੰਮ ਦੌਰਾਨ ਅਸੀਂ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਆਸ਼ਾਵਾਦੀ ਹਾਂ।

ਭਾਰਤ ਦੇ ਸਭ ਤੋਂ ਵੱਡੇ ਗਹਿਣਾ ਵਿਕ੍ਰੇਤਾ ਟਾਈਟਨ ਲਿਮਟਿਡ ਦੇ ਗਹਿਣਾ ਵਿਭਾਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਚਾਵਲਾ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਵਧਣ ਕਾਰਨ ਖਪਤਕਾਰ ਖਰੀਦਦਾਰੀ ’ਚ ਹਿਚਕਿਚਾ ਰਹੇ ਸਨ ਅਤੇ ਬੇਯਕੀਨੀ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ’ਚ 50 ਫੀਸਦੀ ਤੋਂ ਵੱਧ ਦਾ ਵਾਧਾ ਹੋਣ ਨਾਲ ਮੰਗ ਥੋੜ੍ਹੀ ਵੱਧ ਗਈ ਹੈ।

ਦੀਵਾਲੀ ਦੌਰਾਨ ਸੋਨੇ ਦੀ ਮੰਗ (ਟਨ ’ਚ)

ਸਾਲ                             ਮਾਤਰਾ

2022                            39

2023                             42

2024                            35

2025                           45

* ਅੰਦਾਜ਼ਨ ਸਰਾਫਾ ਅਤੇ ਗਹਿਣਾ ਵਪਾਰ

* 2025 ਦੇ ਤਿਉਹਾਰੀ ਸੀਜ਼ਨ ਦਾ ਅੰਦਾਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News