ਹਵਾਬਾਜ਼ੀ ਉਦਯੋਗ ਤੇ ਫਿਰ ਛਾਏ ਸੰਕਟ ਬੱਦਲ, ਇਸ ਤਰ੍ਹਾਂ ਪੈ ਰਹੀ ਦੋਹਰੀ ਮਾਰ
Sunday, Mar 21, 2021 - 03:08 PM (IST)

ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਦੂਜੀ ਲਹਿਰ ਨੇ ਹਵਾਬਾਜ਼ੀ ਉਦਯੋਗ ਦੀ ਮੁਸੀਬਤ ਹੋਰ ਵਧਾ ਦਿੱਤੀ ਹੈ। ਮੌਜੂਦਾ ਵਿੱਤੀ ਸਾਲ ’ਚ ਦਸੰਬਰ ਤੱਕ ਉਦਯੋਗ ਨੂੰ 19,000 ਕਰੋੜ ਰੁਪਏ ਦਾ ਘਾਟਾ ਹੋਇਆ ਹੈ, ਜਿਸ ਦੇ ਮਾਰਚ ਅਖੀਰ ਤੱਕ 25,000 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਨਾਲ ਹੀ ਇਸ ਦੌਰਾਨ ਹਵਾਈ ਜਹਾਜ਼ ਈਂਧਨ ਏ. ਟੀ. ਐੱਫ. ਦੀਆਂ ਕੀਮਤਾਂ ’ਚ 150 ਫੀਸਦੀ ਵਾਧਾ ਹੋਇਆ ਹੈ।
ਕੋਰੋਨਾ ਦੀ ਦੂਜੀ ਲਹਿਰ ਨਾਲ ਹਵਾਬਾਜ਼ੀ ਉਦਯੋਗ ਦੀ ਚਿੰਤਾ ਵਧੀ ਹੈ। ਬੀਤੇ ਸਾਲ ਅਪ੍ਰੈਲ ਤੋਂ ਦਸੰਬਰ ਤੱਕ ਇੰਡਸਟਰੀ ਨੂੰ ਹੋਏ 19000 ਕਰੋੜ ਰੁਪਏ ਦਾ ਘਾਟੇ ’ਚ ਏਅਰਲਾਈਨਜ਼ ਦਾ 16000 ਕਰੋੜ ਰੁਪਏ ਅਤੇ ਹਵਾਈ ਅੱਡਿਆਂ ਦਾ 3000 ਕਰੋੜ ਰੁਪਏ ਦਾ ਘਾਟਾ ਸ਼ਾਮਲ ਹੈ। ਮਾਰਚ 2021 ਤੱਕ ਇਹ ਘਾਟਾ 25000 ਕਰੋੜ ਰੁਪਏ ਹੋਣ ਦਾ ਖਦਸ਼ਾ ਹੈ। ਪਿਛਲੇ 9 ਮਹੀਨੇ ’ਚ ਏ. ਟੀ. ਐੱਫ. ਦੀਆਂ ਕੀਮਤਾਂ ਵਧੀਆਂ ਹਨ। ਏ. ਟੀ. ਐੱਫ. ਦੀਆਂ ਕੀਮਤਾਂ 21.45 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 59.4 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਹਵਾਈ ਕਿਰਾਇਆਂ ’ਤੇ ਕੈਪ ਨਾਲ ਵੀ ਘਾਟਾ ਵਧਿਆ ਹੈ। ਏ. ਟੀ. ਐੱਫ. ਕੀਮਤਾਂ ’ਚ ਭਾਰੀ ਵਾਧੇ ਦੇ ਬਾਵਜੂਦ ਹਵਾਈ ਕਿਰਾਇਆ ਘੱਟ ਵਧਿਆ ਹੈ।
11 ਫਰਵਰੀ ਨੂੰ ਹਵਾਈ ਕਿਰਾਇਆਂ ’ਚ 10-30 ਫੀਸਦੀ ਤੱਕ ਦੀ ਬੜ੍ਹਤ ਹੋਈ। ਫਰਵਰੀ ’ਚ ਘਰੇਲੂ ਹਵਾਈ ਯਾਤਰੀ ਟ੍ਰੈਫਿਕ 36.7 ਫੀਸਦੀ ਘਟ ਕੇ 78.27 ਲੱਖ ’ਤੇ ਆ ਗਿਆ। ਕੋਰੋਨਾ ਦੇ ਵਧਦੇ ਮਾਮਲਿਆਂ ਨੇ ਹਵਾਈ ਯਾਤਰੀਆਂ ਦੀ ਮੰਗ ਨੂੰ ਘਟਾ ਦਿੱਤਾ ਹੈ।