ਦੇਸ਼ ਦੀ ਵਿਕਾਸ ਦਰ ਅਗਲੇ 5 ਸਾਲਾਂ ਤੱਕ 6 ਤੋਂ 8 ਫੀਸਦੀ ਰਹੇਗੀ : ਵੈਸ਼ਨਵ
Saturday, Dec 07, 2024 - 03:49 AM (IST)
ਨਵੀਂ ਦਿੱਲੀ - ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਰਿਵਰਤਨਕਾਰੀ ਬਦਲਾਅ ਕਾਰਨ ਦੇਸ਼ ਅਗਲੇ 5 ਸਾਲਾਂ ਤੱਕ 6 ਤੋਂ 8 ਫੀਸਦੀ ਦੀ ਦਰ ਨਾਲ ਵਿਕਾਸ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਆਲਮੀ ਉਥਲ-ਪੁਥਲ ਅਤੇ ਤਣਾਅ ਦੇ ਬਾਵਜੂਦ ਭਾਰਤ ਇਹ ਪ੍ਰਾਪਤੀ ਹਾਸਲ ਕਰੇਗਾ। ਵੈਸ਼ਨਵ ਨੇ ਇਕ ਸਮਾਗਮ ’ਚ ਕਿਹਾ ਕਿ ਭਾਰਤ ਦੀ ਵਿਕਾਸ ਕਹਾਣੀ ਵੱਡੇ ਪੱਧਰ ’ਤੇ ਜਨਤਕ ਨਿਵੇਸ਼, ਨਿਰਮਾਣ ਅਤੇ ਨਵੀਨਤਾ ’ਤੇ ਜ਼ੋਰ, ਸਮਾਵੇਸ਼ੀ ਵਿਕਾਸ ਅਤੇ ਕਾਨੂੰਨਾਂ ਦੇ ਸਰਲੀਕਰਨ ਦੇ ਚਾਰ ਥੰਮ੍ਹਾਂ ’ਤੇ ਆਧਾਰਿਤ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਨੇ ਆਲਮੀ ਉਥਲ-ਪੁਥਲ, ਦੋ ਜੰਗਾਂ, ਸਪਲਾਈ ਚੇਨ ’ਚ ਵਿਘਨ ਅਤੇ ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ ਅਰਥਚਾਰੇ ਨੂੰ ਹੋਏ ਨੁਕਸਾਨ ਦੇ ਸਮੇਂ ਭਾਰਤ ਨੂੰ ਉਮੀਦ ਦੀ ਕਿਰਨ ਦੇ ਰੂਪ ’ਚ ਦੇਖਿਆ। ਮੰਤਰੀ ਨੇ ਭਾਰਤ ਦੇ ਲਗਾਤਾਰ ਆਰਥਿਕ ਵਿਕਾਸ ਲਈ ਮੋਦੀ ਦੀ ਸੋਚ ਅਤੇ ਸਪੱਸ਼ਟ ਤੌਰ ’ਤੇ ਤੈਅ ਕੀਤੀਆਂ ਗਈਆਂ ਯੋਜਨਾਵਾਂ ਨੂੰ ਸਿਹਰਾ ਦਿੱਤਾ।