ਦੇਸ਼ ''ਚ 5ਜੀ ਤਕਨੀਕੀ ਦਾ ਢਾਂਚਾ ਬਣਾਉਣ ''ਚ ਅਹਿਮ ਭੂਮਿਕਾ ਨਿਭਾਵੇਗੀ ਜੀਓ : ਰਿਲਾਇੰਸ
Thursday, Jun 25, 2020 - 05:36 PM (IST)
ਨਵੀਂ ਦਿੱਲੀ (ਭਾਸ਼ਾ) : ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਹੈ ਕਿ ਦੇਸ਼ 'ਚ 5ਜੀ ਢਾਂਚਾ ਬਣਾਉਣ 'ਚ ਜੀਓ ਦੀ ਭੂਮਿਕਾ ਅਹਿਮ ਹੋਵੇਗੀ। ਮੋਬਾਈਲ ਸੇਵਾਵਾਂ ਲਈ ਹੇਠਲੀ ਆਧਾਰ ਕੀਮਤ ਤੈਅ ਕਰਨ ਦੇ ਮੁੱਦੇ 'ਤੇ ਕੰਪਨੀ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਵੱਲੋਂ ਦਸੰਬਰ 'ਚ ਵਧਾਏ ਗਏ ਟੈਕਸ ਦਾ ਅਸਰ ਹਾਲ ਹੀ 'ਚ ਦਿਸਣ ਲੱਗਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਵੀ 2020-21 ਦੌਰਾਨ ਅਗਲੇ ਦੌਰ ਦੀ ਸਪੈਕਟ੍ਰਮ ਨੀਲਾਮੀ ਦੀ ਇੱਛਾ ਜਤਾਈ ਹੈ। ਸ਼ੇਅਰਧਾਰਕਾਂ ਨੂੰ ਭੇਜੇ ਪੱਤਰ 'ਚ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਦੇਸ਼ 'ਚ ਅਜੇ ਵੀ ਲੱਖਾਂ ਯੂਜ਼ਰ 2ਜੀ ਤਕਨੀਕੀ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ 'ਚ ਦੇਸ਼ ਨੂੰ ਪੂਰੀ ਤਰ੍ਹਾਂ 2ਜੀ ਤੋਂ 4ਜੀ ਜਾਂ ਉਸ ਤੋਂ ਅੱਗੇ ਦੀ ਤਕਨੀਕੀ 'ਚ ਲਿਆਉਣ ਦੀ ਤੁਰੰਤ ਜ਼ਰੂਰਤ ਹੈ ਅਤੇ ਇਸ ਬਦਲਾਅ ਲਈ ਜੀਓ ਕੋਲ ਕਈ ਮੌਕੇ ਹਨ।
ਉੱਧਰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਕਿਹਾ ਕਿ ਉਸ ਨੇ ਫੇਸਬੁਕ ਨੂੰ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਇਕਾਈ ਜੀਓ ਪਲੇਟਫਾਰਮਜ਼ 'ਚ 9.99 ਫੀਸਦੀ ਹਿੱਸੇਦਾਰੀ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੇਸਬੁਕ ਨੇ ਅਪ੍ਰੈਲ 'ਚ 5.7 ਅਰਬ ਡਾਲਰ (43,574 ਕਰੋੜ ਰੁਪਏ) 'ਚ ਜੀਓ ਪਲੇਟਫਾਰਮਜ਼ 'ਚ 9.99 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਸੀ।