ਖੰਘ ਸਿਰਪ ਨਾਲ ਦੋ ਸਾਲਾ ਬੱਚੇ ਦੀ ਕਿਡਨੀ ਫੇਲ੍ਹ, DCGI ਦੀ ਰਾਡਾਰ 'ਤੇ ਕੰਪਨੀ!

08/10/2020 2:39:45 PM

ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੀ ਫਾਰਮਾ ਕੰਪਨੀ ਡਿਜੀਟਲ ਵਿਜ਼ਨ ਖੰਘ ਸਿਰਪ ਨੂੰ ਲੈ ਕੇ ਫਿਰ ਸਵਾਲਾਂ ਦੇ ਘੇਰੇ 'ਚ ਘਿਰ ਗਈ ਹੈ। ਰਿਪੋਰਟਾਂ ਮੁਤਾਬਕ, ਅਧਿਕਾਰੀ ਮਿਲਾਵਟੀ ਖੰਘ ਸਿਰਪ ਬਾਰੇ ਮਿਲੀ ਇਕ ਸ਼ਿਕਾਇਤ ਦੀ ਜਾਂਚ ਕਰ ਰਹੇ ਹਨ, ਜਿਸ ਕਾਰਨ ਕਥਿਤ ਤੌਰ 'ਤੇ ਦੋ ਸਾਲਾ ਬੱਚੇ ਦੀ ਕਿਡਨੀ ਫੇਲ੍ਹ ਹੋ ਗਈ।

ਕਿਹਾ ਜਾ ਰਿਹਾ ਹੈ ਕਿ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ.) ਨੇ ਦੇਸ਼ ਭਰ 'ਚ ਖੰਘ ਸਿਰਪ ਦੀ ਵਿਕਰੀ ਤੇ ਡਿਸਟ੍ਰੀਬਿਊਸ਼ਨ ਨੂੰ ਰੋਕਣ ਦਾ ਹੁਕਮ ਦਿੱਤਾ ਹੈ।

ਇਹ ਜਾਂਚ ਪਿਛਲੇ ਹਫਤੇ ਉਦੋਂ ਸ਼ੁਰੂ ਹੋਈ, ਜਦੋਂ ਪੋਸਟ ਗ੍ਰੈਚੂਏਟ ਇੰਸਟੀਚਿਊਟ ਆਫ ਮੈਡੀਕਲ ਐਜ਼ੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਬਾਲ ਰੋਗ ਵਿਭਾਗ ਨੇ ਸ਼ਿਕਾਇਤ ਕੀਤੀ ਕਿ ਬੱਚੇ ਨੂੰ ਖੰਘ ਦੀ ਦਵਾਈ ਪੀਣ ਪਿੱਛੋਂ ਗੁਰਦੇ ਦੀ ਸਮੱਸਿਆ ਹੋਈ ਹੈ। ਮੈਡੀਕਲ ਇੰਸਟੀਚਿਊਟ ਨੇ ਪਾਇਆ ਕਿ ਬੱਚੇ ਨੂੰ Cofset AT ਸਿਰਪ ਦਿੱਤਾ ਗਿਆ ਸੀ, ਜਿਸ 'ਚ ਕਥਿਤ ਤੌਰ 'ਤੇ ਡਾਇਥੀਲੀਨ ਗਲਾਈਕੋਲ ਸੀ, ਜੋ ਸੰਭਵ ਤੌਰ 'ਤੇ ਗੁਰਦਾ ਫੇਲ੍ਹ ਹੋਣ ਦਾ ਕਾਰਨ ਹੈ।

ਹਰਿਆਣਾ ਸੂਬੇ ਦੇ ਡਰੱਗ ਕੰਟਰੋਲਰ ਨਰਿੰਦਰ ਅਹੂਜਾ ਨੇ ਈ. ਟੀ. ਨੂੰ ਕਿਹਾ ਕਿ ਖੰਘ ਸਿਰਪ 'ਚ ਡਾਇਥੀਲੀਨ ਗਲਾਈਕੋਲ ਦੀ ਮੌਜੂਦਗੀ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ, ਡਿਜੀਟਲ ਵਿਜ਼ਨ ਦੇ ਪ੍ਰਬੰਧਕ ਨਿਰਦੇਸ਼ਕ ਕੋਨਿਕ ਗੋਇਲ ਨੇ ਕਿਹਾ, ''ਨਮੂਨੇ ਇਕ ਖੁੱਲ੍ਹੀ ਬੋਤਲ 'ਚੋਂ ਲਏ ਗਏ ਸਨ। ਇਸ ਲਈ ਇਹ ਕਹਿਣਾ ਕਿ ਮਿਲਾਵਟੀ ਸੀ ਗਲਤ ਹੈ।''

ਉਨ੍ਹਾਂ ਅੱਗੇ ਕਿਹਾ, ''ਡਰੱਗ ਵਿਭਾਗ ਨੇ ਬਾਜ਼ਾਰ 'ਚੋਂ ਸੀਲਬੰਦ ਬੋਤਲਾਂ ਚੁੱਕ ਲਈਆਂ ਹਨ ਅਤੇ ਅੱਗੇ ਦੀ ਜਾਂਚ ਲਈ ਭੇਜ ਦਿੱਤਾ ਹੈ। ਉਦੋਂ ਤੱਕ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਜੋ ਦਵਾਈ ਬੱਚੇ ਨੂੰ ਦਿੱਤੀ ਗਈ ਸੀ ਉਹ ਮੇਰੀ ਕੰਪਨੀ ਦੀ ਸੀ ਜਾਂ ਨਹੀਂ, ਇਸ ਲਈ ਜਦੋਂ ਤੱਕ ਇਹ ਸਭ ਚੀਜ਼ਾਂ ਸਪੱਸ਼ਟ ਨਹੀਂ ਹੋ ਜਾਂਦੀਆਂ ਉਦੋਂ ਤਕ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ।''


Sanjeev

Content Editor

Related News