ਵ੍ਹਾਈਟ ਗੋਲਡ ਦਾ ਉਤਪਾਦਨ 3.60 ਕਰੋਡ਼ ਗੰਢ ਰਹਿਣ ਦਾ ਅਨੁਮਾਨ

12/02/2019 7:46:12 AM

ਜੈਤੋ, (ਪਰਾਸ਼ਰ)— ਕੱਪੜਾ ਮੰਤਰਾਲਾ ਦੇ ਕਾਟਨ ਐਡਵਾਈਜ਼ਰੀ ਬੋਰਡ (ਸੀ . ਏ. ਬੀ.) ਨੇ ਆਪਣੇ ਤਾਜ਼ੇ ਅਨੁਮਾਨ ’ਚ ਦੇਸ਼ ’ਚ ਚਾਲੂ ਕਪਾਹ ਸੀਜ਼ਨ ਸਾਲ 2019-20 ਦੌਰਾਨ ਵ੍ਹਾਈਟ ਗੋਲਡ ਦੀ 3.60 ਕਰੋਡ਼ ਗੰਢ ਹੋਣ ਦੀ ਉਮੀਦ ਜਤਾਈ ਹੈ, ਜਦੋਂਕਿ ਕਪਾਹ ਸੀਜ਼ਨ ਸਾਲ 2018-19 ’ਚ ਇਹ ਫਸਲ 3.30 ਕਰੋਡ਼ ਗੰਢ ਰਹੀ ਸੀ। ਸੀ. ਏ. ਬੀ. ਅਨੁਸਾਰ ਚਾਲੂ ਕਪਾਹ ਸੀਜ਼ਨ ਦੌਰਾਨ ਪੰਜਾਬ ’ਚ 13 ਲੱਖ ਗੰਢ, ਹਰਿਆਣਾ 22 ਲੱਖ, ਰਾਜਸਥਾਨ 25 ਲੱਖ, ਗੁਜਰਾਤ 95 ਲੱਖ, ਮਹਾਰਾਸ਼ਟਰ 82 ਲੱਖ, ਮੱਧ ਪ੍ਰਦੇਸ਼ 20 ਲੱਖ, ਤੇਲੰਗਾਨਾ 53 ਲੱਖ, ਆਂਧਰਾ ਪ੍ਰਦੇਸ਼ 20 ਲੱਖ, ਕਰਨਾਟਕ 18 ਲੱਖ, ਤਾਮਿਲਨਾਡੂ 6 ਲੱਖ, ਓਡਿਸ਼ਾ 4 ਲੱਖ ਅਤੇ ਹੋਰ ਸੂਬਿਆਂ ’ਚ 2 ਲੱਖ ਗੰਢ ਫਸਲ ਹੋਣ ਦੇ ਕਿਆਸ ਲਾਏ ਗਏ ਹਨ। ਕਾਟਨ ਐਡਵਾਈਜ਼ਰੀ ਬੋਰਡ ਅਨੁਸਾਰ ਇਸ ਸੀਜ਼ਨ ’ਚ ਪਿਛਲੇ ਸਾਲ ਦੇ ਮੁਕਾਬਲੇ 1 ਫੀਸਦੀ ਘੱਟ ਬੀਜਾਈ ਨਾਲ 125.84 ਲੱਖ ਹੈਕਟੇਅਰ ’ਚ ਵ੍ਹਾਈਟ ਗੋਲਡ ਦੀ ਬੀਜਾਈ ਹੋਈ ਪਰ ਇਸ ਵਾਰ ਕਪਾਹ ਪੈਦਾਵਾਰ 486.33 ਕਿਲੋ ਪ੍ਰਤੀ ਹੈਕਟੇਅਰ ਹੈ, ਜਦੋਂਕਿ ਪਿਛਲੇ ਸਾਲ ਇਹ ਫਸਲ 443.20 ਕਿਲੋ ਪ੍ਰਤੀ ਹੈਕਟੇਅਰ ਸੀ। ਇਸ ਸਾਲ ਕਪਾਹ ਦੀ ਫਸਲ ’ਚ 10 ਫੀਸਦੀ ਦਾ ਵਾਧਾ ਕੀਤੀ ਗਿਆ ਹੈ।


ਸੀ. ਏ. ਬੀ. ਨੇ ਮੁੰਬਈ ’ਚ ਹੋਈ ਆਪਣੀ ਤਾਜ਼ਾ ਬੈਠਕ ’ਚ ਅਨੁਮਾਨ ਲਾਇਆ ਹੈ ਕਿ ਇਸ ਸਾਲ ਰੂੰ ਦੀ ਬਰਾਮਦ ਵਧ ਕੇ 50 ਲੱਖ ਗੰਢ ਅਤੇ ਦਰਾਮਦ ਘਟ ਕੇ 25 ਲੱਖ ਗੰਢ ਹੀ ਹੋਣ ਦੀ ਉਮੀਦ ਹੈ। ਟੈਕਸਟਾਈਲਜ਼ ਕਮਿਸ਼ਨਰ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਕਿਹਾ ਗਿਆ ਕਿ ਫਸਲੀ ਸਾਲ 2018-19 ’ਚ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਨੂੰ 44 ਲੱਖ ਗੰਢ ਬਰਾਮਦ ਅਤੇ 31 ਲੱਖ ਗੰਢ ਦਾਰਮਦ ਹੋਈ ਸੀ, ਜਦੋਂਕਿ ਮਿੱਲਾਂ ਦੀ ਖਪਤ 274.50 ਲੱਖ ਗੰਢ, ਐੱਸ. ਐੱਸ. ਆਈ. ਯੂਨਿਟ ਖਪਤ 25 ਲੱਖ ਅਤੇ ਨਾਨ-ਟੈਕਸਟਾਈਲਜ਼ ਯੂਨਿਟ ਖਪਤ 16 ਲੱਖ ਗੰਢ ਰਹੀ। ਇਸ ਚਾਲੂ ਕਪਾਹ ਸੀਜ਼ਨ ਸਾਲ 2019-20 ’ਚ ਦੇਸ਼ ਦੀਆਂ ਸਪਿਨਿੰਗ ਮਿੱਲਾਂ ਦੀ ਖਪਤ 288 ਲੱਖ ਗੰਢ, ਐੱਸ. ਐੱਸ. ਆਈ. ਯੂਨਿਟ 25 ਲੱਖ ਅਤੇ ਨਾਨ-ਟੈਕਸਟਾਈਲਜ਼ ਯੂਨਿਟ ਖਪਤ 18 ਲੱਖ ਗੰਢ ਰਹਿਣ ਦੀ ਉਮੀਦ ਹੈ। ਬੈਠਕ ’ਚ ਓਪਨਿੰਗ ਸਟਾਕ 44.41 ਲੱਖ ਗੰਢ ਰਹਿਣ ਦੀ ਗੱਲ ਕਹੀ ਗਈ ਹੈ, ਜਦੋਂਕਿ ਪਿਛਲੇ ਸੀਜ਼ਨ ਦੌਰਾਨ ਓਪਨਿੰਗ ਸਟਾਕ 42.91 ਲੱਖ ਗੰਢ ਰਿਹਾ ਸੀ। ਜ਼ਿਆਦਾਤਰ ਰੂੰ ਕਾਰੋਬਾਰੀਆਂ ਦੇ ਕਾਟਨ ਐਡਵਾਈਜ਼ਰੀ ਬੋਰਡ (ਸੀ. ਏ. ਬੀ.) ਦੀ ਉਪਰੋਕਤ ਰਿਪੋਰਟ ਗਲੇ ਨਹੀਂ ਉਤਰ ਰਹੀ ਹੈ। ਵਿਸ਼ੇਸ਼ ਕਰ ਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਉਤਪਾਦਨ ਅੰਕੜਿਆਂ ਤੋਂ ਵਾਧੂ ਬਰਾਮਦ ਤੇ ਮਿੱਲਾਂ ਦੀ ਖਪਤ ਆਦਿ ਸ਼ਾਮਲ ਹੈ।

ਰੂੰ ਬਰਾਮਦ ’ਚ ਬੇਤਹਾਸ਼ਾ ਕਮੀ
ਵਿਸ਼ਵ ਰੂੰ ਬਾਜ਼ਾਰ ’ਚ ਮੰਦੀ ਦਾ ਦੌਰ ਜਾਰੀ ਰਹਿਣ ਨਾਲ ਇਸ ਦਾ ਵੱਡਾ ਅਸਰ ਭਾਰਤ ’ਤੇ ਵੀ ਪਿਆ ਹੈ। ਸੂਤਰਾਂ ਅਨੁਸਾਰ ਹਰ ਇਕ ਸਾਲ ਭਾਰਤ ਵੱਲੋਂ ਨਵੰਬਰ ਤੱਕ ਬਰਾਮਦਕਾਰ ਵੱਖ-ਵੱਖ ਦੇਸ਼ਾਂ ਨਾਲ 20-30 ਲੱਖ ਗੰਢ ਰੂੰ ਬਰਾਮਦ ਦੇ ਸੌਦੇ ਕਰ ਦਿੰਦੇ ਸਨ ਪਰ ਇਸ ਵਾਰ ਮੰਨਿਆ ਜਾਂਦਾ ਹੈ ਕਿ ਅਜੇ ਤੱਕ 5 ਤੋਂ 5.50 ਲੱਖ ਗੰਢਾਂ ਦੇ ਹੀ ਸੌਦੇ ਹੋਏ ਹਨ। ਦੂਜੇ ਪਾਸੇ ਕਾਟਨ ਐਡਵਾਈਜ਼ਰੀ ਬੋਰਡ ਦਾ ਕਹਿਣਾ ਹੈ ਕਿ ਇਸ ਸਾਲ ਪਿਛਲੇ ਸਾਲ ਦੀ ਤੁਲਨਾ ’ਚ 6 ਲੱਖ ਗੰਢ ਜ਼ਿਆਦਾ ਬਰਾਮਦ ਹੋਵੇਗੀ। ਇਸ ਨਾਲ ਕਾਰੋਬਾਰੀ ਹੈਰਾਨੀ ’ਚ ਹਨ।

ਮਿੱਲਾਂ ਨੂੰ ਸਬਸਿਡੀ ਤੇ ਜੀ. ਐੱਸ. ਟੀ. ਰੀਫੰਡ ਨਹੀਂ
ਕੱਪੜਾ ਮੰਤਰਾਲਾ ਸਪਿਨਿੰਗ ਮਿੱਲਾਂ ਦੀ ਕਈ ਸਾਲਾਂ ਤੋਂ ਸਬਸਿਡੀ ਰੋਕੀ ਬੈਠਾ ਹੈ। ਜ਼ਿਲਾ ਪਟਿਆਲਾ ਸਪਿਨਿੰਗ ਮਿੱਲਜ਼ ਐਸੋਸੀਏਸ਼ਨ ਦੇ ਇਕ ਸੀਨੀਅਰ ਨੇਤਾ ਅਤੇ ਗਜਰਾਜ ਟੈਕਸਟਾਈਲਜ਼ ਮਿੱਲਜ਼ ਸਮਾਣਾ ਦੇ ਐੱਮ. ਡੀ. ਭਾਨੂ ਪ੍ਰਤਾਪ ਸਿੰਗਲਾ ਅਨੁਸਾਰ ਸਰਕਾਰ ਜੇਕਰ ਮਿੱਲਾਂ ਨੂੰ ਉਨ੍ਹਾਂ ਦੀ ਬਣਦੀ ਸਬਸਿਡੀ ਜਾਰੀ ਕਰ ਦੇਵੇ ਤਾਂ ਮਿੱਲਾਂ ਨੂੰ ਵੱਡੀ ਰਾਹਤ ਮਿਲੇਗੀ। ਦੂਜੇ ਪਾਸੇ ਸਰਕਾਰ ਜੀ. ਐੱਸ. ਟੀ. ਜਲਦ ਰੀਫੰਡ ਨਾ ਕਰਨ ਨਾਲ ਮਿੱਲਾਂ ਨੂੰ ਵੱਡੀ ਅਾਰਥਿਕ ਤੰਗੀ ਬਣੀ ਹੋਈ ਹੈ। ਪੀ. ਐੱਮ. ਓ. ਸਪਿਨਿੰਗ ਮਿੱਲਾਂ ਦੀ ਤਾਜ਼ਾ ਅਾਰਥਿਕ ਹਾਲਤ ਨੂੰ ਵੇਖਦੇ ਹੋਏ ਮਿੱਲਾਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਜਾਰੀ ਕਰੇ।

ਦੇਸ਼ ’ਚ 4 ਲੱਖ ਗੰਢ ਦੀ ਆਮਦ ਘੱਟ ਪਹੁੰਚੀ
ਸੂਤਰਾਂ ਅਨੁਸਾਰ ਚਾਲੂ ਸੀਜ਼ਨ ਦੌਰਾਨ 24 ਨਵੰਬਰ ਤੱਕ ਦੇਸ਼ ’ਚ 32 ਲੱਖ ਗੰਢ ਕਪਾਹ ਦੀ ਆਮਦ ਹੋ ਚੁੱਕੀ ਹੈ, ਜਿਸ ’ਚ ਭਾਰਤੀ ਕਪਾਹ ਨਿਗਮ ਨੇ ਸਿਰਫ 2 ਲੱਖ ਗੰਢ ਕਪਾਹ ਦੀ ਖਰੀਦ ਕੀਤੀ ਹੈ। ਪਿਛਲੇ ਸਾਲ ਇਸੇ ਮਿਆਦ ਦੌਰਾਨ ਉਤਪਾਦਕ ਮੰਡੀਆਂ ’ਚ 36 ਲੱਖ ਗੰਢ ਦੀ ਕਪਾਹ ਆਮਦ ਹੋ ਚੁੱਕੀ ਸੀ। ਪਿਛਲੇ ਫਸਲੀ ਸੀਜ਼ਨ 2018-19 ’ਚ ਨਿਗਮ ਨੇ ਐੱਮ. ਐੱਸ. ਪੀ. ’ਤੇ 10.70 ਲੱਖ ਗੰਢ ਕਪਾਹ ਦੀ ਖਰੀਦਦਾਰੀ ਕੀਤੀ ਸੀ, ਜਿਸ ’ਚੋਂ 1.70 ਲੱਖ ਗੰਢ ਵੇਚੀ ਗਈ ਹੈ। ਬਕਾਇਆ ਗੰਢ ਅਜੇ ਤੱਕ ਨਿਗਮ ਦੇ ਕਬਜ਼ੇ ’ਚ ਹੀ ਪਈ ਹੈ। ਮੰਨਿਆ ਜਾਂਦਾ ਹੈ ਕਿ ਨਿਗਮ ਨੂੰ 9 ਲੱਖ ਗੰਢ ਸਟਾਕ ’ਚ ਰਹਿਣ ਨਾਲ ਕਈ ਕਰੋਡ਼ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜੇਕਰ ਨਿਗਮ ਨੇ ਜਲਦ ਰੂੰ ਗੰਢਾਂ ਦਾ ਸਟਾਕ ਸੇਲ ਨਹੀਂ ਕੀਤਾ ਤਾਂ ਰੂੰ ਕੁਆਲਟੀ ਖਰਾਬ ਹੋਣ ਦਾ ਡਰ ਹੈ, ਜਿਸ ਨਾਲ ਨਿਗਮ ਨੂੰ ਵੱਡਾ ਨੁੁੁੁਕਸਾਨ ਵੀ ਹੋ ਸਕਦਾ ਹੈ।

ਪਿਛਲੇ ਸਾਲ ਦੀ ਤੁਲਨਾ ’ਚ ਰੂੰ 565 ਰੁਪਏ ਮਣ ਮੰਦੀ ਨਾਲ ਜਾਰੀ
ਵਿਸ਼ਵ ਰੂੰ ਬਾਜ਼ਾਰ ’ਚ ਮੰਦੀ ਅਤੇ ਭਾਰਤ ਦੀਆਂ ਮਿੱਲਾਂ ਦਾ ਯਾਰਨ ਦੇ ਲੱਕ ਤੋੜਨ ਨਾਲ ਰੂੰ ਭਾਅ ’ਚ ਮੰਦੀ ਦਾ ਦੌਰ ਹੀ ਬਣਿਆ ਹੋਇਆ ਹੈ। ਕਈ ਮਹੀਨੇ ਪਹਿਲਾਂ ਆਈ ਮੰਦੀ ਦੇ ਬਾਜ਼ਾਰ ਨੇ ਜ਼ਿਆਦਾਤਰ ਸਪਿਨਿੰਗ ਮਿੱਲਾਂ ਦੀ ਹਾਲਾਤ ਖਰਾਬ ਕਰ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦੀ ਤਾਕਤ ਕਾਫੀ ਕਮਜ਼ੋਰ ਪੈ ਚੁੱਕੀ ਹੈ। ਦੂਜੇ ਪਾਸੇ ਪਿਛਲੇ ਸਾਲ ਕਪਾਹ ਘੱਟ ਹੋਣ ਨਾਲ ਜ਼ਿਆਦਾਤਰ ਰੂੰ ਕਾਰੋਬਾਰੀਆਂ ਨੇ ਰੂੰ ਗੰਢਾਂ ਦਾ ਮੋਟਾ-ਮੋਟਾ ਸਟਾਕ ਕਰ ਲਿਆ ਪਰ ਸੀਜ਼ਨ ਦੇ ਆਖਿਰ ’ਚ ਤੇਜ਼ੀ ਦੀ ਜਗ੍ਹਾ ਬਾਜ਼ਾਰ ਮੂੰਧੇ ਮੂੰਹ ਆ ਡਿੱਗਿਆ, ਜਿਸ ਨਾਲ ਸਟਾਕਿਸਟਾਂ ਨੂੰ ਵੱਡੀ ਅਾਰਥਿਕ ਸੱਟ ਲੱਗੀ, ਜਿਸ ਨਾਲ ਸਟਾਕਿਸਟ ਹੁਣ ਤੱਕ ਉਭਰ ਨਹੀਂ ਸਕੇ ਹਨ।


Related News