ਕਪਾਹ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, ਭਾਰਤੀ ਕਪਾਹ ਨਿਗਮ ਨੇ ਸ਼ੁਰੂ ਕੀਤੀ ਖਰੀਦ

10/03/2020 11:34:51 PM

ਜੈਤੋ, (ਪਰਾਸ਼ਰ)— ਕੱਪੜਾ ਮੰਤਰਾਲਾ ਦਾ ਉੱਦਮ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਚਾਲੂ ਨਵੇਂ ਕਪਾਹ ਮੌਸਮ 'ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਵਰਗੇ ਉੱਤਰੀ ਸੂਬਿਆਂ 'ਚ ਤਕਰੀਬਨ 68 ਮੰਡੀਆਂ 'ਚ ਕਪਾਹ ਦੀ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖਰੀਦ ਕਰਨ ਜਾ ਰਿਹਾ ਹੈ। ਇਸ 'ਚ ਪੰਜਾਬ ਦੀਆਂ 21 ਮੰਡੀਆਂ, ਹਰਿਆਣਾ ਦੀਆਂ 17 ਅਤੇ ਰਾਜਸਥਾਨ ਦੀਆਂ 30 ਮੰਡੀਆਂ ਸ਼ਾਮਲ ਹਨ।

 

ਇਹ ਜਾਣਕਾਰੀ ਸੀ. ਸੀ. ਆਈ. ਦੇ ਚੀਫ ਜਨਰਲ ਸਕੱਤਰ ਮਾਰਕੀਟਿੰਗ ਐੱਸ. ਕੇ. ਪਾਣੀਗ੍ਰਹੀ ਨੇ ਦਿੱਤੀ ਹੈ। ਓਧਰ ਰੂੰ ਕਾਰੋਬਾਰੀ ਅਤੇ ਦੀਨਦਿਆਲ ਪੁਰਸ਼ੋਤਮ ਲਾਲ ਲਿਮਟਿਡ ਸਿਰਸਾ ਦੇ ਐੱਮ. ਡੀ. ਪੰਕਜ ਸ਼ਾਰਦਾ ਨੇ ਦੱਸਿਆ ਕਿ ਅੱਜ ਸੀ. ਸੀ. ਆਈ. ਨੇ ਹਰਿਆਣਾ 'ਚ ਨਵੀਂ ਕਪਾਹ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਸੀ. ਆਈ. ਨੇ ਅੱਜ ਸਿਰਸਾ ਅਤੇ ਡਬਵਾਲੀ 'ਚ ਖਰੀਦ ਸ਼ੁਰੂ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੀ. ਸੀ. ਆਈ. ਸਾਰੇ 17 ਕੇਂਦਰਾਂ (ਮੰਡੀਆਂ) 'ਤੇ ਖਰੀਦ ਸ਼ੁਰੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਕਪਾਹ ਨਿਗਮ ਲਿਮਟਿਡ ਨੇ 27.5-28 ਐੱਮ. ਐੱਮ. ਕਪਾਹ ਦਾ ਮੁੱਲ 5,496-5,725 ਅਤੇ 26.5-27 ਐੱਮ. ਐੱਮ. ਕਪਾਹ ਦਾ ਮੁੱਲ 5,439-5,665 ਰੁਪਏ ਪ੍ਰਤੀ ਕੁਇੰਟਲ ਨਰਧਾਰਿਤ ਕੀਤਾ ਹੈ। ਸੀ. ਸੀ. ਆਈ. ਨੇ ਕਪਾਹ ਦੀ ਨਮੀ ਦੀਆਂ ਕੁਝ ਸ਼ਰਤਾਂ ਵੀ ਰੱਖੀਆਂ ਹਨ।


Sanjeev

Content Editor

Related News