ਕੋਰੋਨਾ ਵਾਇਰਸ ਕਾਰਣ ਕੌਮਾਂਤਰੀ ਅਰਥਵਿਵਸਥਾ ਨੂੰ ਹੋ ਸਕਦੈ 8,800 ਅਰਬ ਡਾਲਰ ਤਕ ਦਾ ਨੁਕਸਾਨ : ADB
Friday, May 15, 2020 - 10:46 PM (IST)
ਨਵੀਂ ਦਿੱਲੀ (ਭਾਸ਼ਾ) -ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਕੌਮਾਂਤਰੀ ਅਰਥਵਿਵਸਥਾ ਨੂੰ 5,800 ਅਰਬ ਤੋਂ 8,800 ਅਰਬ ਡਾਲਰ ਤਕ ਨੁਕਸਾਨ ਹੋ ਸਕਦਾ ਹੈ। ਇਸ 'ਚ ਦੱਖਣੀ ਏਸ਼ੀਆ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) 'ਤੇ 142 ਅਰਬ ਤੋਂ 218 ਅਰਬ ਡਾਲਰ ਤਕ ਅਸਰ ਹੋਵੇਗਾ।
ਏ. ਡੀ. ਬੀ. ਨੇ ਇਕ ਰਿਪੋਰਟ 'ਚ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕੌਮਾਂਤਰੀ ਅਰਥਵਿਵਸਥਾ ਨੂੰ 5,800 ਅਰਬ ਤੋਂ 8,800 ਅਰਬ ਡਾਲਰ ਤੱਕ ਨੁਕਸਾਨ ਹੋ ਸਕਦਾ ਹੈ ਜੋ ਕੌਮਾਂਤਰੀ ਜੀ. ਡੀ. ਪੀ. ਦੇ 6.4 ਤੋਂ 9.7 ਫੀਸਦੀ ਦੇ ਬਰਾਬਰ ਹੈ। ਏ. ਡੀ. ਬੀ. ਨੇ 'ਕੋਵਿਡ-19' ਦੇ ਸੰਭਾਵਿਕ ਆਰਥਿਕ ਅਸਰ ਦੇ ਨਵੇਂ ਮੁਲਾਂਕਣ 'ਚ ਕਿਹਾ ਕਿ ਦੱਖਣ ਏਸ਼ੀਆ ਦੀ ਜੀ. ਡੀ. ਪੀ. 'ਚ 3.9 ਤੋਂ 6 ਫੀਸਦੀ ਤਕ ਕਮੀ ਆਵੇਗੀ।
ਅਜਿਹਾ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ 'ਚ ਸਖਤ ਪਾਬੰਦੀਆਂ ਕਾਰਣ ਹੋਵੇਗਾ। ਮਨੀਲਾ ਸਥਿਤ ਇਸ ਬਹੁਪੱਖੀ ਏਜੰਸੀ ਨੇ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ 'ਚ ਆਰਥਿਕ ਨੁਕਸਾਨ 1,700 ਅਰਬ ਡਾਲਰ ਤੋਂ 2,500 ਅਰਬ ਡਾਲਰ ਦੇ ਵਿਚਕਾਰ ਹੋ ਸਕਦਾ ਹੈ। ਕੌਮਾਂਤਰੀ ਉਤਪਾਦਨ 'ਚ ਹੋਣ ਵਾਲੀ ਕੁਲ ਕਮੀ 'ਚ ਇਸ ਖੇਤਰ ਦੀ 30 ਫੀਸਦੀ ਹਿੱਸੇਦਾਰੀ ਹੋਵੇਗੀ। ਰਿਪੋਰਟ ਮੁਤਾਬਕ ਚੀਨ 'ਚ 1,100 ਅਰਬ ਤੋਂ 1,600 ਅਰਬ ਡਾਲਰ ਦੇ ਵਿਚਕਾਰ ਨੁਕਸਾਨ ਹੋ ਸਕਦਾ ਹੈ।