Corona Virus ਕਾਰਨ ਭਾਰਤ ਦੀ ਅਰਥਵਿਵਸਥਾ ਨੂੰ ਝਟਕਾ, ਮੂਡੀਜ਼ ਨੇ ਘਟਾਇਆ GDP ਗ੍ਰੋਥ ਅਨੁਮਾਨ

02/18/2020 10:18:34 AM

ਮੁੰਬਈ — ਮੂਡੀਜ਼ ਇਨਵੈਸਟਰਸ ਸਰਵਿਸ ਨੇ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ 2020 ਲਈ 6.6 ਫੀਸਦੀ ਤੋਂ ਘਟਾ ਕੇ 5.4 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮੂਡੀਜ਼ ਨੇ 2021 'ਚ ਜੀ.ਡੀ.ਪੀ. ਵਾਧੇ ਦੇ ਅਨੁਮਾਨ ਨੂੰ ਵੀ 6.7 ਫੀਸਦੀ ਤੋਂ ਘਟਾ ਕੇ 5.8 ਫੀਸਦੀ ਕਰ ਦਿੱਤਾ ਹੈ। ਏਜੰਸੀ ਅਨੁਸਾਰ ਚੀਨ 'ਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਗਲੋਬਲ ਅਰਥਵਿਵਸਥਾ ਵਿਚ ਸੁਸਤੀ ਆਈ ਹੈ ਜਿਸ ਨਾਲ ਭਾਰਤ ਦੀ ਜੀ.ਡੀ.ਪੀ. ਗ੍ਰੋਥ ਦੀ ਰਫਤਾਰ ਘੱਟ ਹੋ ਗਈ ਹੈ।

ਮੂਡੀਜ਼ ਨੇ ਕਿਹਾ ਕਿ ਹੁਣੇ ਜਿਹੇ ਪੀ.ਐਮ.ਆਈ. ਦੇ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤੀ ਅਰਥਵਿਵਸਥਾ 'ਚ ਸਥਿਰਤਾ ਆਈ ਹੈ ਅਤੇ ਮੌਜੂਦਾ ਤਿਮਾਹੀ ਵਿਚ ਸੁਧਾਰ ਹੋਣ ਲੱਗਾ ਹੈ ਪਰ ਸਾਨੂੰ ਲੱਗਦਾ ਹੈ ਕਿ ਹੁਣ ਸੁਧਾਰ ਪਹਿਲਾਂ ਦੀ ਉਮੀਦ ਤੋਂ ਘੱਟ ਰਫਤਾਰ ਨਾਲ ਹੋਵੇਗਾ। ਇਸ ਲਈ ਅਸੀਂ ਆਪਣਾ ਗ੍ਰੋਥ ਵਾਧਾ ਅਨੁਮਾਨ 2020 ਲਈ 5.4 ਫੀਸਦੀ ਅਤੇ 2021 ਲਈ 5.8 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰੇਟਿੰਗ ਏਜੰਸੀ ਫਿਚ ਰੇਟਿੰਗਸ ਨੇ ਅਗਲੇ ਵਿੱਤੀ ਸਾਲ ਲਈ ਭਾਰਤ ਦੇ ਜੀ.ਡੀ.ਪੀ. ਗ੍ਰੋਥ ਅਨੁਮਾਨ ਨੂੰ 5.6 ਫੀਸਦੀ ਕਰ ਦਿੱਤਾ ਸੀ।

ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਜਿਵੇਂ ਹੀ ਅਰਥਵਿਵਸਥਾ ’ਚ ਸਥਿਰਤਾ ਆਉਂਦੀ ਦਿਸੀ, ਇਸ ’ਤੇ ਕੋਰੋਨਾ ਵਾਇਰਸ ਦੇ ਬੱਦਲ ਮੰਡਰਾਉਣ ਲੱਗੇ ਹਨ। ਮੂਡੀਜ਼ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਲੀਹ ’ਤੇ ਆਉਣ ਦੀ ਰਫਤਾਰ ਬੇਹੱਦ ਸੁਸਤ ਰਹਿ ਸਕਦੀ ਹੈ।

ਮੂਡੀਜ਼ ਨੇ ਕਿਹਾ ਕਿ ਪਿਛਲੇ 2 ਸਾਲਾਂ ’ਚ ਦੇਸ਼ ਦੀ ਅਰਥਵਿਵਸਥਾ ਦੀ ਰਫਤਾਰ ਬੇਹੱਦ ਸੁਸਤ ਹੋ ਗਈ ਹੈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਅਸਲ ਜੀ. ਡੀ. ਪੀ. ਵਿਕਾਸ ਦਰ ਸਿਰਫ਼ 4.5 ਫ਼ੀਸਦੀ ਰਹੀ ਹੈ।

ਰੇਟਿੰਗ ਏਜੰਸੀ ਨੇ ਕਿਹਾ ਕਿ ਹਾਲ ਹੀ ’ਚ ਆਏ ਵਿੱਤੀ ਅੰਕੜਿਆਂ ’ਚ ਸੁਧਾਰ ਦਿਸਿਆ, ਜੋ ਇਹ ਦਰਸਾਉਂਦਾ ਹੈ ਕਿ ਅਰਥਵਿਵਸਥਾ ਅੱਗੇ ਚਲ ਕੇ ਲੀਹ ’ਤੇ ਪਰਤ ਸਕਦੀ ਹੈ। ਏਜੰਸੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ’ਚ ਸੁਧਾਰ ਦਿਸਣਾ ਸ਼ੁਰੂ ਹੋ ਸਕਦਾ ਹੈ ਪਰ ਇਸ ਦੀ ਰਫਤਾਰ ਪਹਿਲਾਂ ਦੇ ਅੰਦਾਜ਼ੇ ਦੇ ਮੁਕਾਬਲੇ ਘੱਟ ਹੋਵੇਗੀ। ਚੀਨ ’ਚ ਜਾਨਲੇਵਾ ਕੋਰੋਨਾ ਵਾਇਰਸ ਦੇ ਕਹਿਰ ’ਤੇ ਮੂਡੀਜ਼ ਨੇ ਕਿਹਾ ਕਿ ਇਸ ਦਾ ਚੀਨ ਅਤੇ ਕੌਮਾਂਤਰੀ ਅਰਥਵਿਵਸਥਾ ’ਤੇ ਪੈਣ ਵਾਲੇ ਅਸਰ ਬਾਰੇ ਭਵਿੱਖਵਾਣੀ ਕਰਨਾ ਅਜੇ ਜਲਦਬਾਜ਼ੀ ਹੋਵੇਗੀ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ 'ਚ 2020-21 ਦੌਰਾਨ ਨਾਮਿਨਲ ਜੀ.ਡੀ.ਪੀ. ਗ੍ਰੋਥ ਰੇਟ 10 ਫੀਸਦੀ ਰਹਿਣ ਦਾ ਅਨੁਮਾਨ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਨਵੇਂ ਵਿੱਤੀ ਸਾਲ 'ਚ ਕੁੱਲ ਪ੍ਰਾਪਤੀਆਂ 22.46 ਲੱਖ ਕਰੋੜ ਰੁਪਏ ਅਤੇ ਕੁੱਲ ਖਰਚੇ 30.42 ਲੱਖ ਕਰੋੜ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ 2019-20 ਲਈ ਸੋਧੇ ਅਨੁਮਾਨਤ ਖਰਚੇ 26.99 ਲੱਖ ਕਰੋੜ ਹੈ ਅਤੇ ਪ੍ਰਾਪਤੀਆਂ 19.32 ਲੱਖ ਕਰੋੜ ਰੁਪਏ ਲਗਾਈ ਗਈ ਸੀ। ਵਿੱਤੀ ਸਾਲ 2019-20 'ਚ ਸਰਕਾਰ ਦੀ ਸ਼ੁੱਧ ਬਜ਼ਾਰ ਉਧਾਰੀ 4.99 ਲੱਖ ਕਰੋੜ ਰਹੇਗੀ।
 


Related News