ਇਕ ਵਾਰ ਮੁੜ ਨੌਕਰੀ ਅਤੇ ਤਨਖ਼ਾਹ ‘ਚ ਕਟੌਤੀ ਕਰਨ ਨੂੰ ਤਿਆਰ ਹਨ ਕੰਪਨੀਆਂ
Wednesday, Jul 29, 2020 - 04:16 PM (IST)
ਨਵੀਂ ਦਿੱਲੀ : ਦੇਸ਼ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਕਾਰਣ ਅਨਲਾਕ ਦੇ ਬਾਵਜੂਦ ਰੈਸਟੋਰੈਂਟ-ਹਾਸਪੀਟੈਲਿਟੀ ਅਤੇ ਹਵਾਬਾਜ਼ੀ ਸਮੇਤ ਕਈ ਖੇਤਰਾਂ ‘ਚ ਫਿਲਹਾਲ ਸੁਧਾਰ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਅਜਿਹੇ ‘ਚ ਪਹਿਲਾਂ ਤੋਂ ਘਾਟੇ ‘ਚ ਚੱਲ ਰਹੀਆਂ ਕੰਪਨੀਆਂ ਹੁਣ ਬਜਟ ਨੂੰ ਘੱਟ ਕਰਨ ਲਈ ਦੂਜੀ ਵਾਰ ਕਾਮਿਆਂ ਦੀ ਛਾਂਟੀ ਅਤੇ ਤਨਖ਼ਾਹ ‘ਚ ਕਟੌਤੀ ਦੀ ਤਿਆਰੀ ਕਰ ਰਹੀਆਂ ਹਨ। ਕਈ ਕੰਪਨੀਆਂ ਨੇ ਕਾਮਿਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਆਨਲਾਈਨ ਫੂਡ ਡਿਲਿਵਰੀ ਕੰਪਨੀ ਸਵਿਗੀ ਨੇ ਸੋਮਵਾਰ ਨੂੰ 350 ਕਾਮਿਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਸੰਕਟ ਕਾਰਣ ਕੰਪਨੀ ਮਈ ਤੋਂ ਹੀ ਛਾਂਟੀ ਕਰ ਰਹੀ ਹੈ। ਸਵਿਗੀ ਨੇ ਮਈ ‘ਚ ਹੈੱਡ ਆਫਿਸ ਅਤੇ ਵੱਖ-ਵੱਖ ਸ਼ਹਿਰਾਂ ‘ਚ 1100 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਕੰਪਨੀ ਨੇ ਕੋਵਿਡ-19 ਸੰਕਟ ਦੇ ਦੌਰ ‘ਚ ਆਪਣੇ ਸੋਮਿਆਂ ਨੂੰ ਮੁੜ ਸੁਰਜੀਤ ਵਿਵਸਥਿਤ ਕਰਨ ਦੀ ਪ੍ਰਕਿਰਿਆ ਤਹਿਤ ਇਹ ਕਦਮ ਚੁੱਕਿਆ ਸੀ। ਕੰਪਨੀ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦਾ ਕਾਰੋਬਾਰ ਅੱਧਾ ਰਹਿ ਗਿਆ ਹੈ। ਮਾੜੀ ਕਿਸਮਤ ਨਾਲ ਸੋਮੇ ਵਿਵਸਥਿਤ ਕਰਨ ਦੀ ਇਸ ਆਖਰੀ ਕਾਰਵਾਈ ‘ਚ ਉਸ ਨੂੰ ਹੋਰ 350 ਕਾਮਿਆਂ ਦੀ ਛਾਂਟੀ ਕਰਨੀ ਪੈ ਰਹੀ ਹੈ।
ਸੋਸ਼ਲ ਡਿਸਟੈਂਸਿੰਗ ਕਾਰਣ ਰੈਸਟੋਰੈਂਟ ‘ਚ ਨਹੀਂ ਜਾ ਰਹੇ ਲੋਕ
ਕੋਰੋਨਾ ਮਹਾਮਾਰੀ ਕਾਰਣ ਫੂਡ ਅਤੇ ਰੈਸਟੋਰੈਂਟ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹੁਣ ਜਦੋਂ ਕਿਤੇ ਤਾਲਾਬੰਦੀ ਹੈ ਅਤੇ ਕਿਤੇ ਅਨਲਾਕ ਹੈ। ਅਜਿਹੇ ‘ਚ ਰੈਸਟੋਰੈਂਟ ਖੁੱਲ੍ਹੇ ਹੋਣ ਦੇ ਬਾਵਜੂਦ ਕਾਰੋਬਾਰ ਨਹੀਂ ਹੋ ਰਿਹਾ ਹੈ। ਸੋਸ਼ਲ ਡਿਸਟੈਂਸਿੰਗ ਕਾਰਣ ਲੋਕ ਗੈਰ-ਜ਼ਰੂਰੀ ਬਾਹਰ ਨਿਕਲਣ ਤੋਂ ਬਚ ਰਹੇ ਹਨ। ਇਸ ਨਾਲ ਕਈ ਰੈਸਟੋਰੈਂਟ ਹਮੇਸ਼ਾ ਲਈ ਬੰਦ ਹੋਣ ਕੰਢੇ ਪਹੁੰਚ ਚੁੱਕੇ ਹਨ। ਅਜਿਹੇ ‘ਚ ਹਜ਼ਾਰਾਂ ਦੀ ਨੌਕਰੀ ਖਤਰੇ ‘ਚ ਹੈ।
ਹੈਲਥ ਅਤੇ ਫਿੱਟਨੈੱਸ ਸਟਾਰਟਅਪ ਨੇ ਕੀਤਾ ਛਾਂਟੀ ਦਾ ਐਲਾਨ
ਇਸ ਦਰਮਿਆਨ ਹੈਲਥ ਅਤੇ ਫਿੱਟਨੈੱਸ ਸਟਾਰਟਅਪ ਕਿਊਰਫਿਟ ਦੂਜੇ ਫੇਜ ‘ਚ ਛਾਂਟੀ ਅਤੇ ਬਿਨਾਂ ਤਨਖਾਹ ਕਾਮਿਆਂ ਨੂੰ ਘਰ ਭੇਜਣ ਦੀ ਤਿਆਰੀ ਕਰ ਰਹੀ ਹੈ। ਮਈ ‘ਚ ਹੀ ਕੰਪਨੀ ਨੇ 800 ਕਾਮਿਆਂ ਨੂੰ ਕੱਢਿਆ ਸੀ। ਹੁਣ ਮੁੜ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕਿਊਰਫਿਟ ਨੂੰ ਫਲਿਪਕਾਰਟ ਦੀ ਮਲਕੀਅਤ ਵਾਲੀ ਆਨਲਾਈਨ ਫੈਸ਼ਨ ਕੰਪਨੀ ਮਿੰਤਰਾ ਦੇ ਕੋ-ਫਾਊਂਡਰ ਮੁਕੇਸ਼ ਬੰਸਲ ਨੇ 2016 ‘ਚ ਸ਼ੁਰੂ ਕੀਤਾ ਸੀ।