ਕੋਰੋਨਾ ਦਾ ਕਹਿਰ : Multiplex Companies ਨੂੰ ਹੋ ਸਕਦੈ ਭਾਰੀ ਘਾਟਾ

Wednesday, Mar 18, 2020 - 01:07 PM (IST)

ਕੋਰੋਨਾ ਦਾ ਕਹਿਰ : Multiplex Companies ਨੂੰ  ਹੋ ਸਕਦੈ ਭਾਰੀ ਘਾਟਾ

ਮੁੰਬਈ — ਕੋਰੋਨਾ ਵਾਇਰਸ (ਕੋਵਿਡ-19) ਨੇ ਅਰਥਵਿਵਸਥਾ ਦੇ ਹਰੇਕ ਖੇਤਰ ਨਾਲ ਮਨੋਰੰਜਨ ਉਦਯੋਗ ਨੂੰ ਵੀ ਲਗਭਗ ਤਬਾਹ ਕਰ ਦਿੱਤਾ ਹੈ। ਮੌਜੂਦਾ ਹਾਲਾਤ ਨੇ ਭਾਰਤ ਦੇ ਮਲਟੀਪਲੈਕਸ ਚੇਨ (ਇਕ ਤੋਂ ਜ਼ਿਆਦਾ ਪਰਦਿਆਂ ਵਾਲੇ ਸਿਨੇਮਾਘਰ) ਦੇ ਸਾਹਮਣੇ ਮੁਸ਼ਕਲ ਚੁਣੌਤੀ ਪੇਸ਼ ਕੀਤੀ ਹੈ। ਵੱਖ-ਵੱਖ ਸੂਬਾ ਸਰਕਾਰਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਆਪਣੇ-ਆਪਣੇ ਸੂਬਿਆਂ ’ਚ ਸਿਨੇਮਾਘਰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਨਾਲ ਅਕਸ਼ੈ ਕੁਮਾਰ ਦੀ ‘ਸੂਰਿਆਵੰਸ਼ੀ’ ਸਮੇਤ ਕਈ ਫਿਲਮਾਂ ਦੀ ਰਿਲੀਜ਼ਿੰਗ ਟਲ ਗਈ ਹੈ। ਮਨੋਰੰਜਨ ਉਦਯੋਗ ’ਤੇ ਨਜ਼ਰ ਰੱਖਣ ਵਾਲੇ ਲੋਕਾਂ ਅਨੁਸਾਰ ਪਿਛਲੀ ਤਿਮਾਹੀ ਦੇ ਮੁਕਾਬਲੇ ਮਾਰਚ ’ਚ ਮਾਲੀਆ ’ਚ ਘੱਟ ਤੋਂ ਘੱਟ 20-25 ਫੀਸਦੀ ਤੱਕ ਕਮੀ ਆ ਸਕਦੀ ਹੈ। ਯਾਨੀ ਮਲਟੀਪਲੈਕਸ ਕੰਪਨੀਆਂ ਨੂੰ ਘਾਟਾ ਹੋ ਸਕਦਾ ਹੈ।

ਪਿਛਲੇ ਸ਼ੁੱਕਰਵਾਰ ਨੂੰ ਇਰਫਾਨ ਦੀ ਫਿਲਮ ‘ਅੰਗਰੇਜ਼ੀ ਮੀਡੀਅਮ’ ਰਿਲੀਜ਼ ਹੋਈ ਸੀ ਪਰ ਪਹਿਲੇ ਦਿਨ ਇਸ ਨੇ ਸਿਰਫ 4.03 ਕਰੋਡ਼ ਰੁਪਏ ਹੀ ਕਮਾਏ ਹਨ। ਤਰੁਣ ਆਦਰਸ਼ ਵਰਗੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਕਈ ਸੂਬਿਆਂ ’ਚ ਇਸ ਫਿਲਮ ਦੇ ਕਾਰੋਬਾਰ ਨੂੰ ਨੁਕਸਾਨ ਪੁੱਜਾ ਹੈ।

ਸੂਤਰਾਂ ਅਨੁਸਾਰ ‘ਅੰਗਰੇਜ਼ੀ ਮੀਡੀਅਮ’ ਦੀ ਕਮਾਈ ਬਾਕਸ ਆਫਿਸ ’ਤੇ ਸ਼ਨੀਵਾਰ ਨੂੰ 25 ਫੀਸਦੀ ਘੱਟ ਹੋ ਗਈ। ਇਸ ਸਮੇਂ ਇਹ ਫਿਲਮ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ’ਚ ਕਾਰੋਬਾਰ ਕਰ ਰਹੀ ਹੈ। ਟਾਈਗਰ ਸ਼ਰਾਫ ਅਭਿਨੀਤ ਫਿਲਮ ‘ਬਾਗੀ-3’ ਦੀ ਕਮਾਈ ਵੀ ਸ਼ਨੀਵਾਰ ਨੂੰ 25 ਫੀਸਦੀ ਘੱਟ ਹੋ ਗਈ। ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਦੇ ਨਾਲ ਹੀ ਕਰਨਾਟਕ, ਓਡਿਸ਼ਾ, ਜੰਮੂ-ਕਸ਼ਮੀਰ, ਕੇਰਲ, ਗੋਆ ਵਰਗੇ ਸੂਬਿਆਂ ’ਚ ਸਿਨੇਮਾਘਰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਇਕ ਮਲਟੀਪਲੈਕਸ ਚੇਨ ਦੇ ਮਾਲਿਕ ਨੇ ਕਿਹਾ ਕਿ ਭਾਰਤ ’ਚ ਕਰੀਬ 3000 ਮਲਟੀਪਲੈਕਸ ਹਨ, ਜਿਨ੍ਹਾਂ ’ਚ 50 ਫੀਸਦੀ ਤੋਂ ਜ਼ਿਆਦਾ ਬੰਦ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਕਈ ਹੋਰ ਮਲਟੀਪਲੈਕਸ ਬੰਦ ਹੋ ਸਕਦੇ ਹਨ।

ਦੇਸ਼ ’ਚ ਸਿੰਗਲ ਪਰਦੇ ਵਾਲੇ ਕਰੀਬ 6600 ਸਿਨੇਮਾਘਰ ਹਨ। ਐੱਸ. ਬੀ. ਆਈ. ਕੈਪ ਸਕਿਓਰਿਟੀਜ਼ ਨੇ ਹਾਲ ਹੀ ਦੀ ਆਪਣੀ ਇਕ ਰਿਪੋਰਟ ’ਚ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਸਿੰਗਲ ਪਰਦੇ ਵਾਲੇ ਸਿਨੇਮਾਘਰਾਂ ਦਾ ਕਾਰੋਬਾਰ ਖਾਸਾ ਕਮਜ਼ੋਰ ਰਿਹਾ ਹੈ। ਇਨ੍ਹਾਂ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਡਰ : ਦੁੱਧ ਨਾਲੋਂ 10 ਗੁਣਾ ਮਹਿੰਗਾ ਹੋਇਆ ਗਊ-ਮੂਤਰ


Related News