ਦੀਵਾਲੀ ਤੋਂ ਪਹਿਲਾਂ ਪੈਟਰੋਲ, ਡੀਜ਼ਲ ''ਤੇ ਮਿਲ ਸਕਦੀ ਹੈ ਇਹ ਵੱਡੀ ਖ਼ੁਸ਼ਖ਼ਬਰੀ
Tuesday, Oct 27, 2020 - 02:45 PM (IST)
ਨਵੀਂ ਦਿੱਲੀ- ਪਿਛਲੇ ਕਈ ਦਿਨਾਂ ਤੋਂ ਸਥਿਰ ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਜਲਦ ਹੀ ਖ਼ੁਸ਼ਖ਼ਬਰੀ ਮਿਲ ਸਕਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਵਲੋਂ ਦੀਵਾਲੀ ਤੋਂ ਪਹਿਲਾਂ ਆਉਣ ਵਾਲੇ ਹਫ਼ਤੇ ਵਿਚ ਪ੍ਰਚੂਨ ਕੀਮਤਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ।
ਤੇਲ ਖੇਤਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਪੱਛਮੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਕੀਤੀ ਗਈ ਸਖਤੀ ਵਜੋਂ ਮੰਗ ਘਟਣ ਨਾਲ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਦਬਾਅ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਹੋਰ ਡਿੱਗ ਸਕਦੀਆਂ ਹਨ। ਲਿਹਾਜਾ ਭਾਰਤ ਵਿਚ ਪੈਟਰੋਲ-ਡੀਜ਼ਲ ਕੀਮਤਾਂ ਵਿਚ ਦੀਵਾਲੀ ਤੱਕ ਕਟੌਤੀ ਹੋ ਸਕਦੀ ਹੈ।
ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ ਪਹਿਲਾਂ ਹੀ 5 ਫੀਸਦੀ ਹੇਠਾਂ ਚੱਲ ਰਿਹਾ ਹੈ। ਇਹ 42 ਡਾਲਰ ਪ੍ਰਤੀ ਬੈਰਲ ਦੇ ਪਹਿਲੇ ਪੱਧਰ ਤੋਂ ਹੁਣ 40 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਵਿਕ ਰਿਹਾ ਹੈ। ਹਾਲਾਂਕਿ, ਤੇਲ ਦੀ ਮੰਗ ਘੱਟ ਹੋਣ ਅਤੇ ਉਤਪਾਦਨ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਉਤਪਾਦਕ ਕੰਪਨੀਆਂ ਨੂੰ ਡਰ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਵਿਚ ਫਿਰ ਗਿਰਾਵਟ ਸ਼ੁਰੂ ਹੋ ਸਕਦੀ ਹੈ।
ਕੱਚੇ ਤੇਲ ਦੀ ਕੀਮਤ ਨਰਮ ਹੋਣ ਕਾਰਨ ਭਾਰਤ ਵਿਚ ਪਿਛਲੇ 25 ਦਿਨਾਂ ਤੋਂ ਪੈਟਰੋਲ-ਡੀਜ਼ਲ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਕੌਮਾਂਤਰੀ ਬਾਜ਼ਾਰਾਂ ਵਿਚ ਤੇਲ ਕੀਮਤਾਂ ਹੋਰ ਨਰਮ ਹੋਣ ਨਾਲ ਦੇਸ਼ ਵਿਚ ਪੈਟਰੋਲ-ਡੀਜ਼ਲ ਕੀਮਤਾਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਸਰਕਾਰ ਵੀ ਵਿਸ਼ੇਸ਼ ਐਕਸਾਈਜ਼ ਡਿਊਟੀ 6 ਰੁਪਏ ਤੱਕ ਵਧਾ ਸਕਦੀ ਹੈ, ਹਾਲਾਂਕਿ ਕੱਚਾ ਤੇਲ ਸਸਤਾ ਹੋਣ ਨਾਲ ਇਸ ਦਾ ਖਪਤਕਾਰਾਂ 'ਤੇ ਕੋਈ ਪ੍ਰਭਾਵ ਨਾ ਪੈਣ ਦੀ ਸੰਭਾਵਨਾ ਹੈ।