ਜਲੰਧਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦਾ ਕੰਮ ਇਸ ਸਾਲ ਹੋ ਜਾਏਗਾ ਪੂਰਾ
Friday, Jan 29, 2021 - 08:59 PM (IST)
ਨਵੀਂ ਦਿੱਲੀ, (ਭਾਸ਼ਾ)- ਪੰਜਾਬ ਦੇ ਜਲੰਧਰ ਵਿਚ ਆਦਮਪੁਰ ਹਵਾਈ ਅੱਡੇ 'ਤੇ ਨਵਾਂ ਟਰਮੀਨਲ ਭਵਨ ਬਣਾਉਣ ਦਾ ਕੰਮ 2021 ਦੇ ਅੱਧ ਤੱਕ ਪੂਰਾ ਹੋਣ ਦੀ ਉਮੀਦ ਹੈ।
ਭਾਰਤੀ ਹਵਾਈ ਅੱਡਾ ਅਥਾਰਟੀ (ਏ. ਏ. ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏ. ਏ. ਆਈ. ਦੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ, ''6,000 ਵਰਗ ਮੀਟਰ ਦੇ ਕੁੱਲ ਨਿਰਮਾਣ ਖੇਤਰ ਅਤੇ 1,920 ਵਰਗ ਮੀਟਰ ਦੇ 'ਕੈਨੋਪੀ' ਖੇਤਰ ਨਾਲ, ਨਵੇਂ ਟਰਮੀਨਲ ਭਵਨ ਨੂੰ ਸਭ ਤੋਂ ਰੁਝੇਵੇਂ ਵਾਲੇ ਸਮੇਂ ਵਿਚ 300 ਯਾਤਰੀਆਂ ਨੂੰ ਸੰਭਾਲਣ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।"
ਇਸ ਵਿਚ ਕਿਹਾ ਗਿਆ ਹੈ ਕਿ ਪ੍ਰਾਜੈਕਟ ਦਾ 40 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਹਵਾਈ ਅੱਡੇ 'ਤੇ ਨਵਾਂ ਟਰਮੀਨਲ ਭਵਨ ਇਸ ਸਾਲ ਦੇ ਅੱਧ ਤੱਕ ਬਣ ਜਾਣਾ ਤੈਅ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਵੇਂ ਟਰਮੀਨਲ ਭਵਨ ਤੋਂ ਇਲਾਵਾ ਏ. ਏ. ਆਈ. ਉੱਥੇ ਇਕ ਸਮੇਂ ਵਿਚ ਦੋ ਏ-320 ਜਹਾਜ਼ਾਂ ਨੂੰ ਹੈਂਡਲ ਕਰਨ ਦੇ ਲਿਹਾਜ ਨਾਲ ਹਵਾਈ ਅੱਡੇ ਨੂੰ ਢੁੱਕਵਾਂ ਬਣਾਉਣ ਲਈ ਨਵੇਂ ਅਪ੍ਰੋਨ ਅਤੇ ਟੈਕਸੀ-ਟਰੈਕ ਦਾ ਨਿਰਮਾਣ ਕਰੇਗਾ।