ਬਜਟ ’ਚ ਕੀਤੇ ਗਏ ਹਨ ਚੰਗੇ ਅਤੇ ਸਿਆਣਪ ਵਾਲੇ ਉਪਾਅ : ਸੀਤਾਰਮਨ

02/07/2020 9:22:06 PM

ਮੁੰਬਈ (ਭਾਸ਼ਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਿਛਲੇ ਹਫਤੇ ਲੋਕ ਸਭਾ ’ਚ ਪੇਸ਼ ਬਜਟ ’ਚ ਪ੍ਰੋਤਸਾਹਨ ਦੇ ਚੰਗੇ ਅਤੇ ਸਿਆਣਪ ਵਾਲੇ ਉਪਾਅ ਕੀਤੇ ਗਏ ਹਨ। ਦੇਸ਼ ਦੀ ਅਾਰਥਿਕ ਰਾਜਧਾਨੀ ’ਚ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ’ਚ ਵਿੱਤ ਮੰਤਰੀ ਨੇ ਕਿਹਾ ਕਿ ਬਜਟ ’ਚ ਪਿਛਲੀ ਵਾਧਾ ਦਰ ’ਚ ਸੁਸਤੀ ਦੇ ਸਾਰੇ ਤਜਰਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਸਾਰਿਆਂ ਮਾਮਲਿਆਂ ’ਚ ਸਰਕਾਰ ਨੂੰ ਪ੍ਰੋਤਸਾਹਨ ਦੇਣ ਦੀ ਲੋੜ ਪਈ ਸੀ। ਇੱਥੇ ਜ਼ਿਕਰਯੋਗ ਹੈ ਕਿ ਕਈ ਖੇਤਰਾਂ ਨੇ ਬਜਟ ਨੂੰ ਲੈ ਕੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂਕਿ ਵਾਧਾ ਦਰ ਦਹਾਕੇ ਦੇ ਹੇਠਲੇ ਪੱਧਰ ’ਤੇ ਆ ਗਈ ਹੈ, ਵਾਧੇ ਨੂੰ ਉਤਸ਼ਾਹ ਦੇਣ ਲਈ ਕੁਝ ਵੱਡੇ ਐਲਾਨਾਂ ਦੀ ਉਮੀਦ ਸੀ।

ਸੀਤਾਰਮਨ ਨੇ ਵਿਚਾਰ-ਚਰਚਾ ’ਚ ਕਿਹਾ ਕਿ ਪਿਛਲੇ ਤਜਰਬਿਆਂ ਦੇ ਆਧਾਰ ’ਤੇ ਅਸੀਂ ਲਾਜ਼ਮੀ ਰੂਪ ਨਾਲ ਇਹ ਯਕੀਨੀ ਕੀਤਾ ਕਿ ਸੋਚ-ਵਿਚਾਰ ਕਰ ਕੇ ਪ੍ਰੋਤਸਾਹਨ ਦਿੱਤਾ ਜਾਵੇ। ਉਨ੍ਹਾਂ ਕਿਹਾ,‘‘ਅਸੀਂ ਵੱਡੀ ਅਾਰਥਿਕ ਬੁਨਿਆਦ ਨੂੰ ਧਿਆਨ ’ਚ ਰੱਖਿਆ ਅਤੇ ਇਹ ਯਕੀਨੀ ਕੀਤਾ ਕਿ ਖਪਤ ਵਧਾਉਣ ਅਤੇ ਨਾਲ ਹੀ ਨਿਵੇਸ਼ ਯਕੀਨੀ ਕਰਨ ਲਈ ਜ਼ਰੂਰੀ ਪ੍ਰੋਤਸਾਹਨ, ਜੋ ਅਜੋਕੇ ਸਮੇਂ ਦੀ ਜ਼ਰੂਰਤ ਹੈ, ਉਪਲੱਬਧ ਕਰਵਾਏ ਜਾਣ।’’

ਇਸ ਮੌਕੇ ਵਿੱਤ ਮੰਤਰੀ ਨਾਲ ਉਨ੍ਹਾਂ ਦੇ ਮੰਤਰਾਲਾ ਦੇ ਸਾਰੇ ਸਕੱਤਰ ਵੀ ਮੌਜੂਦ ਸਨ। ਉਨ੍ਹਾਂ ਕਿਹਾ, ‘‘ਪਿਛਲੇ ਸਮੇਂ ’ਚ ਪ੍ਰਦਾਨ ਕੀਤੇ ਗਏ ਪ੍ਰੋਤਸਾਹਨ ਦੀ ਤੁਲਨਾ ’ਚ ਅਸੀਂ ਕਾਫੀ ਸੋਚ-ਸਮਝ ਕੇ ਕੇਂਦਰਿਤ ਅਤੇ ਸਪੱਸ਼ਟ ਤਰੀਕੇ ਨਾਲ ਬਜਟ ’ਚ ਉਪਾਅ ਕੀਤੇ ਹਨ। ਇਸ ਦੇ ਪਿੱਛੇ ਸਪੱਸ਼ਟ ਇੱਛਾ ਪੂੰਜੀਗਤ ਜਾਇਦਾਦਾਂ ਬਣਾਉਣ ਲਈ ਜ਼ਿੰਮੇਵਾਰੀ ਨਾਲ ਖਰਚ ਕਰਨ ਦੀ ਹੈ।’’ ਵਿੱਤ ਮੰਤਰੀ ਨੇ ਕਿਹਾ ਕਿ ਦਿਹਾਤੀ ਅਤੇ ਖੇਤੀਬਾੜੀ ਖੇਤਰ ਦਾ 16 ਸੂਤਰੀ ਏਜੰਡੇ ਰਾਹੀਂ ਧਿਆਨ ਰੱਖਿਆ ਗਿਆ ਹੈ। ਸਟਾਰਟਅਪ ਲਈ ਪ੍ਰੋਤਸਾਹਨ ਦਿੱਤਾ ਗਿਆ ਹੈ। ਨਾਲ ਹੀ ਬੁਨਿਆਦੀ ਢਾਂਚਾ ਨਿਵੇਸ਼ ’ਤੇ ਵੀ ਧਿਆਨ ਦਿੱਤਾ ਗਿਆ ਹੈ।


Karan Kumar

Content Editor

Related News