ਕਾਗਨੀਜੈਂਟ ਨੇ Infosys ’ਤੇ ਲਾਇਆ ਟ੍ਰੇਡ ਸੀਕ੍ਰੇਟ ਚੋਰੀ ਕਰਨ ਦਾ ਦੋਸ਼, US ਕੋਰਟ ’ਚ ਕੀਤਾ ਮੁਕੱਦਮਾ ਦਰਜ

Sunday, Aug 25, 2024 - 12:27 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈ. ਟੀ. ਕੰਪਨੀ ਇਨਫੋਸਿਸ ਦੇ ਸਾਹਮਣੇ ਇਕ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਅਮਰੀਕੀ ਆਈ. ਟੀ. ਕੰਪਨੀ ਕਾਗਨੀਜੈਂਟ ਨੇ ਇਨਫੋਸਿਸ ਦੇ ਖਿਲਾਫ ਟ੍ਰੇਡ ਸੀਕ੍ਰੇਟ ਚੋਰੀ ਕਰਨ ਦਾ ਵੱਡਾ ਦੋਸ਼ ਲਾਇਆ ਹੈ ਅਤੇ ਇਸ ਨੂੰ ਲੈ ਕੇ ਅਮਰੀਕਾ ਦੀ ਇਕ ਅਦਾਲਤ ’ਚ ਮੁਕੱਦਮਾ ਦਰਜ ਕੀਤਾ ਹੈ।

ਇਕ ਰਿਪੋਰਟ ਅਨੁਸਾਰ ਭਾਰਤੀ ਆਈ. ਟੀ. ਕੰਪਨੀ ਖਿਲਾਫ ਇਹ ਮੁਕੱਦਮਾ ਕਾਗਨੀਜੈਂਟ ਟਰਾਈਜ਼ੈਟੋ ਨੇ ਕੀਤਾ ਹੈ। ਮੁਕੱਦਮਾ ਸ਼ੁੱਕਰਵਾਰ ਨੂੰ ਟੈਕਸਾਸ ਫੈਡਰਲ ਕੋਰਟ ’ਚ ਦਰਜ ਕੀਤਾ ਗਿਆ। ਉਸ ’ਚ ਕਾਗਨੀਜੈਂਟ ਟਰਾਈਜ਼ੈਟੋ ਨੇ ਇਨਫੋਸਿਸ ’ਤੇ ਟ੍ਰੇਡ ਸੀਕ੍ਰੇਟ ਦੀ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਇਨਫੋਸਿਸ ਨੇ ਉਸ ਦੇ ਹੈਲਥਕੇਅਰ ਇੰਸ਼ੋਰੈਂਸ ਸਾਫਟਵੇਅਰ ਨਾਲ ਜੁੜੀਆਂ ਜਾਣਕਾਰੀਆਂ ਚੋਰੀ ਕੀਤੀਆਂ ਹਨ।

ਕਰਮਚਾਰੀ ਤੋੜਨ ਨੂੰ ਲੈ ਕੇ ਹੋ ਚੁੱਕਿਐ ਵਿਵਾਦ

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਭਾਰਤੀ ਆਈ. ਟੀ. ਕੰਪਨੀ ਅਤੇ ਅਮਰੀਕੀ ਆਈ. ਟੀ. ਕੰਪਨੀ ਕਿਸੇ ਮੁੱਦੇ ’ਤੇ ਭਿੜੀਆਂ ਹਨ। ਦੋਵਾਂ ਕੰਪਨੀਆਂ ਦਾ ਪਹਿਲਾਂ ਵੀ ਆਹਮੋ-ਸਾਹਮਣਾ ਹੋ ਚੁੱਕਾ ਹੈ। ਹੁਣ ਤੋਂ ਲੱਗਭਗ 8 ਮਹੀਨੇ ਪਹਿਲਾਂ ਦੋਵੇਂ ਕੰਪਨੀਆਂ ਉਸ ਸਮੇਂ ਆਹਮੋ-ਸਾਹਮਣੇ ਆ ਗਈਆਂ ਸਨ, ਜਦੋਂ ਇਨਫੋਸਿਸ ਨੇ ਕਾਗਨੀਜੈਂਟ ’ਤੇ ਗਲਤ ਤਰੀਕੇ ਨਾਲ ਕਰਮਚਾਰੀਆਂ ਨੂੰ ਤੋੜਨ ਦਾ ਦੋਸ਼ ਲਾਇਆ ਸੀ।

ਇਨਫੋਸਿਸ ਨੇ ਕੀਤਾ ਸਾਰੇ ਦੋਸ਼ਾਂ ਤੋਂ ਇਨਕਾਰ

ਤਾਜ਼ਾ ਮਾਮਲੇ ’ਚ ਦੱਸਿਆ ਜਾ ਰਿਹਾ ਹੈ ਕਿ ਕਾਗਨੀਜੈਂਟ ਨੇ ਮੁਕੱਦਮੇ ’ਚ ਇਨਫੋਸਿਸ ’ਤੇ ਡਾਟਾਬੇਸ ਤੋਂ ਗਲਤ ਤਰੀਕੇ ਨਾਲ ਡਾਟਾ ਕੱਢ ਕੇ ਮੁਕਾਬਲੇਬਾਜ਼ ਸਾਫਟਵੇਅਰ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਰਿਪੋਰਟ ’ਚ ਇਨਫੋਸਿਸ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤੀ ਕੰਪਨੀ ਆਪਣੇ ’ਤੇ ਲਾਏ ਗਏ ਇਨ੍ਹਾਂ ਦੋਸ਼ਾਂ ਨੂੰ ਗਲਤ ਮੰਨਦੀ ਹੈ।

ਇਨਫੋਸਿਸ ਨੂੰ ਮੁਕੱਦਮੇ ਦੀ ਜਾਣਕਾਰੀ ਹੈ ਪਰ ਉਹ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੀ ਹੈ। ਇਨਫੋਸਿਸ ਕੋਰਟ ’ਚ ਆਪਣਾ ਪੱਖ ਪੇਸ਼ ਕਰ ਕੇ ਬਚਾਅ ਕਰੇਗੀ।

ਵਿਪਰੋ ਨਾਲ ਵੀ ਹੋਇਆ ਸੀ ਕਾਗਨੀਜੈਂਟ ਦਾ ਵਿਵਾਦ

ਕਾਗਨੀਜੈਂਟ ਦਾ ਭੇੜ ਇਨਫੋਸਿਸ ਤੋਂ ਇਲਾਵਾ ਇਕ ਹੋਰ ਭਾਰਤੀ ਆਈ. ਟੀ. ਕੰਪਨੀ ਵਿਪਰੋ ਨਾਲ ਵੀ ਹੋ ਚੁੱਕਾ ਹੈ। ਵਿਪਰੋ ਲਿਮਟਿਡ ਅਤੇ ਉਸ ਦੇ ਸਾਬਕਾ ਚੀਫ ਫਾਈਨਾਂਸ਼ੀਅਲ ਅਫਸਰ ਜਤਿਨ ਦਲਾਲ ਨੇ ਲੱਗਭਗ ਇਕ ਮਹੀਨਾ ਪਹਿਲਾਂ ਮਾਮਲੇ ਨੂੰ ਸੈਟਲ ਕੀਤਾ, ਜਿਸ ’ਚ ਕਾਗਨੀਜੈਂਟ ਦਲਾਲ ਨੂੰ ਸੈਟਲਮੈਂਟ ਪੇਮੈਂਟ ਅਤੇ ਲੀਗਲ ਫੀਸ ਰਿੰਬਰਸਮੈਂਟ ਦੇ ਰੂਪ ’ਚ ਲੱਗਭਗ 0.5 ਮਿਲੀਅਨ ਡਾਲਰ ਦਾ ਭੁਗਤਾਨੇ ਕਰਨ ਲਈ ਤਿਆਰ ਹੋਈ।


Harinder Kaur

Content Editor

Related News